ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇਸ਼ ਛੱਡ ਕੇ ਮਾਲਦੀਵ ਭੱਜ ਗਏ ਹਨ। ਰਾਜਪਕਸ਼ੇ ਦੇ ਦੇਸ਼ ਛੱਡਣ ਤੋਂ ਬਾਅਦ ਲੋਕ ਗੁੱਸੇ ‘ਚ ਹਨ। ਰਾਜਧਾਨੀ ਕੋਲੰਬੋ ਦੀਆਂ ਸੜਕਾਂ ‘ਤੇ ਪ੍ਰਦਰਸ਼ਨਕਾਰੀ ਜ਼ਬਰਦਸਤ ਹੰਗਾਮਾ ਕਰ ਰਹੇ ਹਨ।
ਹਜ਼ਾਰਾਂ ਲੋਕ ਸੰਸਦ ਭਵਨ ਵੱਲ ਮਾਰਚ ਕਰ ਰਹੇ ਹਨ। ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਪੀਐੱਮ ਹਾਊਸ ਵੱਲ ਵੀ ਵਧ ਰਹੇ ਹਨ। ਫਿਲਹਾਲ ਸ਼੍ਰੀਲੰਕਾ ‘ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।
ਦੂਜੇ ਪਾਸੇ ਰਾਜਪਕਸ਼ੇ ਨੇ 139 ਦਿਨਾਂ ਦੇ ਵਿਰੋਧ ਤੋਂ ਬਾਅਦ ਅਸਤੀਫਾ ਵੀ ਦੇ ਦਿੱਤਾ ਹੈ। ਅੱਜ ਸੰਸਦ ‘ਚ ਉਨ੍ਹਾਂ ਦੇ ਅਸਤੀਫੇ ਦਾ ਐਲਾਨ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਅੰਤਰਿਮ ਰਾਸ਼ਟਰਪਤੀ ਦੇ ਨਾਂ ਦਾ ਐਲਾਨ ਵੀ ਕੀਤਾ ਜਾਵੇਗਾ।
ਇਸ ਦੌਰਾਨ ਸ਼੍ਰੀਲੰਕਾ ਦੀ ਫੌਜ ਨੇ ਵੀ ਆਪਣੇ ਨਾਗਰਿਕਾਂ ਦੇ ਸਾਹਮਣੇ ਹਥਿਆਰ ਹੇਠਾਂ ਕਰ ਦਿੱਤੇ ਹਨ। ਬੇਸ਼ੱਕ ਕੁਝ ਥਾਵਾਂ ‘ਤੇ ਪੁਲਿਸ ਅਤੇ ਜਨਤਾ ਵਿਚਕਾਰ ਝੜਪਾਂ ਵੀ ਹੋਈਆਂ ਹਨ।
ਸ਼੍ਰੀਲੰਕਾ ਵਿੱਚ ਸਥਿਤੀ ਤੇਜ਼ੀ ਨਾਲ ਵਿਗੜਦੀ ਜਾ ਰਹੀ ਹੈ। ਰਾਸ਼ਟਰਪਤੀ ਦੇ ਦੇਸ਼ ਵਿਚੋਂ ਭੱਜਣ ਤੋਂ ਨਾਰਾਜ਼ ਲੋਕਾਂ ਨੇ ਪੀਐਮ ਹਾਊਸ ‘ਤੇ ਜੰਮ ਕੇ ਹੰਗਾਮਾ ਕੀਤਾ। ਦਹਿਸ਼ਤ ਦੀ ਸਥਿਤੀ ਦੇ ਮੱਦੇਨਜ਼ਰ ਸ੍ਰੀਲੰਕਾ ਵਿੱਚ ਫਿਲਹਾਲ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।
ਸ਼੍ਰੀਲੰਕਾ ‘ਚ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦੇ ਘਰ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਪਹੁੰਚ ਗਏ ਹਨ। ਉਥੇ ਭਾਰੀ ਸੁਰੱਖਿਆ ਬਲ ਵੀ ਤਾਇਨਾਤ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਲਾਠੀਚਾਰਜ ਵੀ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਪੱਛਮੀ ਸੂਬੇ ‘ਚ ਕਰਫਿਊ ਲਗਾ ਦਿੱਤਾ ਗਿਆ ਹੈ।





