ਬੀਜਿੰਗ: ਯੂਐਸ ਸਪੇਸ ਕਮਾਂਡ ਨੇ ਪੁਸ਼ਟੀ ਕੀਤੀ ਹੈ ਕਿ ਚੀਨ ਦਾ ਇੱਕ ਬੇਕਾਬੂ ਲਾਂਗ ਮਾਰਚ 5ਬੀ ਰਾਕੇਟ ਮਲੇਸ਼ੀਆ ਦੇ ਬੋਰਨੀਓ ਟਾਪੂ ਦੇ ਨੇੜੇ ਹਿੰਦ ਮਹਾਸਾਗਰ ਵਿੱਚ ਕਿਤੇ ਜਾ ਡਿੱਗਿਆ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਰਾਕੇਟ ਦਾ ਮਲਬਾ ਕਿੱਥੇ ਡਿੱਗਿਆ। ਚੀਨ ਦੀ ਪੁਲਾੜ ਏਜੰਸੀ ਨੇ ਇਹ ਵੀ ਕਿਹਾ ਹੈ ਕਿ ਉਸ ਦਾ ਰਾਕੇਟ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਦਾਖਲ ਹੋਇਆ ਅਤੇ ਡਿੱਗਦੇ ਸਮੇਂ ਇਸ ਦਾ ਜ਼ਿਆਦਾਤਰ ਹਿੱਸਾ ਸੜ ਗਿਆ। ਅਮਰੀਕੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੀਨ ਦੇ ਬੂਸਟਰ ਰਾਕੇਟ ਨੇ ਸ਼ਨੀਵਾਰ ਨੂੰ ਧਰਤੀ ‘ਤੇ ਬੇਕਾਬੂ ਵਾਪਸੀ ਕੀਤੀ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੀ ਜਾਣਕਾਰੀ ਸਾਂਝੀ ਨਾ ਕਰਨ ਲਈ ਬੀਜਿੰਗ ਨੂੰ ਤਾੜਨਾ ਕੀਤੀ ਹੈ।
ਇੱਕ ਸਮਾਚਾਰ ਏਜੰਸੀ ਏਐਫਪੀ ਦੀ ਖਬਰ ਦੇ ਅਨੁਸਾਰ, 24 ਜੁਲਾਈ ਨੂੰ, ਚੀਨ ਨੇ ਆਪਣੇ ਅਧੂਰੇ ਟਿਆਂਗੋਂਗ ਸਪੇਸ ਸਟੇਸ਼ਨ ਲਈ ਇੱਕ ਲੈਬ ਮਾਡਿਊਲ ਲਾਂਚ ਕਰਨ ਲਈ ਲੌਂਗ ਮਾਰਚ 5ਬੀ ਰਾਕੇਟ ਦੀ ਵਰਤੋਂ ਕੀਤੀ। ਜ਼ਿਆਦਾਤਰ ਰਾਕੇਟਾਂ ਦੇ ਉਲਟ, ਲੌਂਗ ਮਾਰਚ 5ਬੀ ਆਪਣੇ ਮਿਸ਼ਨ ਤੋਂ ਬਾਅਦ ਧਰਤੀ ਦੇ ਚੱਕਰ ਕੱਟਦਾ ਹੈ ਜਦੋਂ ਤੱਕ ਇਹ ਧਰਤੀ ‘ਤੇ ਕ੍ਰੈਸ਼ ਨਹੀਂ ਹੋ ਜਾਂਦਾ। ਇਸ ਨੂੰ ਕਾਬੂ ਕਰਨ ਦਾ ਕੋਈ ਤਰੀਕਾ ਨਹੀਂ ਹੈ।
ਇਹ ਚੀਨ ਦਾ ਤੀਜਾ ਲੌਂਗ ਮਾਰਚ 5ਬੀ ਲਾਂਚ ਹੈ, ਜਿਸਦੀ ਆਊਟ-ਆਫ-ਕੰਟਰੋਲ ਲੈਂਡਿੰਗ ਹੋਈ ਹੈ। 2020 ਵਿੱਚ, ਚੀਨ ਨੇ ਤਿਆਨਗੋਂਗ ਦੇ ਕੋਰ ਮੋਡੀਊਲ ਨੂੰ ਪੁਲਾੜ ਵਿੱਚ ਲਿਜਾਣ ਲਈ ਲੌਂਗ ਮਾਰਚ 5ਬੀ ਦੀ ਵਰਤੋਂ ਕੀਤੀ। ਇਸ ਰਾਕੇਟ ਦਾ ਮਲਬਾ ਆਈਵਰੀ ਕੋਸਟ ਵਿੱਚ ਡਿੱਗਿਆ। ਪਿਛਲੇ ਸਾਲ ਚੀਨ ਨੇ ਲੌਂਗ ਮਾਰਚ 5ਬੀ ‘ਤੇ ਆਪਣਾ ਪਹਿਲਾ ਲੈਬ ਮਾਡਿਊਲ ਲਾਂਚ ਕੀਤਾ ਸੀ, ਜਿਸ ਦੇ ਟੁਕੜੇ ਹਿੰਦ ਮਹਾਸਾਗਰ ਵਿੱਚ ਡਿੱਗ ਗਏ ਸਨ। ਤਿਆਨਗੋਂਗ ਸਪੇਸ ਸਟੇਸ਼ਨ ਬੀਜਿੰਗ ਦੇ ਅਭਿਲਾਸ਼ੀ ਪੁਲਾੜ ਪ੍ਰੋਗਰਾਮ ਦਾ ਹਿੱਸਾ ਹੈ।
ਇਸ ਲੌਂਗ ਮਾਰਚ 5ਬੀ ਰਾਕੇਟ ਦੀ ਵਰਤੋਂ ਪਿਛਲੇ ਐਤਵਾਰ ਨੂੰ ਵੈਨਟੀਅਨ ਨਾਂ ਦੇ ਮਨੁੱਖ ਰਹਿਤ ਪੁਲਾੜ ਯਾਨ ਨੂੰ ਲਾਂਚ ਕਰਨ ਲਈ ਕੀਤੀ ਗਈ ਸੀ। ਜਿਸ ਵਿੱਚ ਚੀਨ ਨੇ ਆਪਣੇ ਨਵੇਂ ਤਿਆਨਗੋਂਗ ਸਪੇਸ ਸਟੇਸ਼ਨ ਨੂੰ ਪੂਰਾ ਕਰਨ ਲਈ ਲੋੜੀਂਦੇ ਤਿੰਨ ਮਾਡਿਊਲਾਂ ਵਿੱਚੋਂ ਦੂਜੇ ਨੂੰ ਲਿਜਾਣਾ ਸੀ। ਨਾਸਾ ਦੇ ਪ੍ਰਸ਼ਾਸਕ ਬਿਲ ਨੇਲਸਨ ਨੇ ਸ਼ਨੀਵਾਰ ਨੂੰ ਟਵਿੱਟਰ ‘ਤੇ ਬੀਜਿੰਗ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਰਾਕੇਟ ਦੇ ਲੈਂਡਿੰਗ ਬਾਰੇ ਜਾਣਕਾਰੀ ਸਾਂਝੀ ਨਾ ਕਰਨਾ ਗੈਰ-ਜ਼ਿੰਮੇਵਾਰਾਨਾ ਅਤੇ ਜੋਖਮ ਭਰਿਆ ਕੰਮ ਸੀ।





