ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦਿੱਲੀ ਦੇ ਨੀਰਜ ਬਵਾਨਾ ਅਤੇ ਲਾਰੈਂਸ ਬਿਸ਼ਨੋਈ ਗੈਂਗ ‘ਤੇ ਆਪਣਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤੀ ਹੈ। NIA ਨੇ ‘ਬਵਾਨਾ ਗੈਂਗ’ ਅਤੇ ‘ਬਿਸ਼ਨੋਈ ਗੈਂਗ’ ਸਮੇਤ 10 ਗੈਂਗਸਟਰਾਂ ਦਾ ਡੋਜ਼ੀਅਰ ਤਿਆਰ ਕੀਤਾ ਹੈ।
ਸੂਤਰਾਂ ਅਨੁਸਾਰ ਦਿੱਲੀ/ਐਨਸੀਆਰ ਸਮੇਤ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਪੱਛਮੀ ਯੂਪੀ ਦੇ ਕਈ ਗੈਂਗ ਐਨਆਈਏ ਦੇ ਰਡਾਰ ‘ਤੇ ਹਨ। ਅਜਿਹੇ ‘ਚ NIA ਨੀਰਜ ਬਵਾਨਾ ਗੈਂਗ ਅਤੇ ਬਿਸ਼ਨੋਈ ਗੈਂਗ ਸਮੇਤ ਕਰੀਬ 10 ਗੈਂਗਸਟਰਾਂ ‘ਤੇ UAPA ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਦਰਅਸਲ, ਇਨ੍ਹਾਂ ਸਾਰੇ ਗਰੋਹਾਂ ‘ਤੇ ਕਾਰਵਾਈ ਕਰਨ ਲਈ ਹਾਲ ਹੀ ‘ਚ ਕੇਂਦਰੀ ਗ੍ਰਹਿ ਮੰਤਰਾਲੇ ‘ਚ ਕਈ ਉੱਚ ਪੱਧਰੀ ਮੀਟਿੰਗਾਂ ਹੋਈਆਂ ਸਨ। 20 ਤੋਂ 25 ਅਗਸਤ ਦਰਮਿਆਨ ਹੋਈਆਂ 4 ਤੋਂ 5 ਮੀਟਿੰਗਾਂ ਵਿੱਚ ਐਨਆਈਏ, ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ, ਗ੍ਰਹਿ ਮੰਤਰਾਲੇ ਅਤੇ ਆਈਬੀ ਦੇ ਅਧਿਕਾਰੀ ਮੌਜੂਦ ਸਨ।
ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਹ ਗੈਂਗ ਅੱਤਵਾਦੀਆਂ ਵਾਂਗ ਕੰਮ ਕਰ ਰਹੇ ਹਨ, ਇਸ ਲਈ ਅੱਤਵਾਦੀ ਗਤੀਵਿਧੀਆਂ ਦੀ ਜਾਂਚ ਕਰ ਰਹੀ ਏਜੰਸੀ ਤੋਂ ਇਨ੍ਹਾਂ ਦੀ ਜਾਂਚ ਕਰਵਾਈ ਜਾਵੇ।
ਇਸ ਫੈਸਲੇ ਤੋਂ ਬਾਅਦ ਐਨਆਈਏ ਨੇ ਇਨ੍ਹਾਂ ਗੈਂਗਸਟਰਾਂ ਦਾ ਇੱਕ ਡੋਜ਼ੀਅਰ ਤਿਆਰ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਟਾਰਗੇਟ ਕਿਲਿੰਗ ਕਰਨ ਵਾਲੇ ਇਹ ਗੈਂਗ ਦਹਿਸ਼ਤ ਦਾ ਸਮਾਨਾਰਥੀ ਬਣ ਗਏ ਹਨ।
ਇਹ ਗੈਂਗਸਟਰ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਗੈਂਗ ਵਾਰ ਦਾ ਪ੍ਰਚਾਰ ਕਰਦੇ ਹਨ। ਆਪਣੇ ਅਪਰਾਧ ਅਤੇ ਗੈਂਗ ਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾ ਕੇ ਗੈਂਗ ਦਾ ਮੁਖੀ ਆਪਣੇ ਆਪ ਨੂੰ ਰੌਬਿਨ ਹੁੱਡ ਦੱਸਣ ਦੀ ਕੋਸ਼ਿਸ਼ ਕਰਦਾ ਹੈ।






