ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਅਕਾਲੀ ਦਲ ਦੇ ਨੌਜਵਾਨ ਆਗੂ ਵਿੱਕੀ ਮਿੱਡੂਖੇੜਾ ਦੇ ਕਾਤਲ ਨੂੰ ਬੱਦੀ ਦੀ ਨਾਲਾਗੜ੍ਹ ਅਦਾਲਤ ਤੋਂ ਰਿਹਾਅ ਕਰਵਾਉਣ ਲਈ ਹਮਲਾ ਕਰਨ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਸਪੈਸ਼ਲ ਸੈੱਲ ਨੇ ਇਸ ਮਾਮਲੇ ‘ਚ ਅੱਤਵਾਦੀ-ਗੈਂਗਸਟਰ ਸਬੰਧਾਂ ਦਾ ਖੁਲਾਸਾ ਕਰਦੇ ਹੋਏ ਸਾਰੇ 4 ਹਮਲਾਵਰਾਂ ਅਤੇ ਉਨ੍ਹਾਂ ਦੇ 2 ਸਹਾਇਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਸਹਿ-ਦੋਸ਼ੀ ਅਤੇ ਸਥਾਨਕ ਮਾਸਟਰਮਾਈਂਡ ਦਿਲਪ੍ਰੀਤ ਢਾਹਾਂ ਨੂੰ ਯੂ.ਏ.ਪੀ.ਏ. ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਵਿੱਕੀ ਮਿੱਡੂਖੇੜਾ ਦਾ 7 ਅਗਸਤ 2021 ਨੂੰ ਮੁਹਾਲੀ ਦੇ ਸੈਕਟਰ-71 ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਹ ਆਪਣੇ ਦਫਤਰ ਤੋਂ ਬਾਹਰ ਨਿਕਲ ਕੇ ਕਾਰ ‘ਚ ਬੈਠਣ ਹੀ ਵਾਲਾ ਸੀ ਕਿ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਕਤਲੇਆਮ ਦੇ ਇੱਕ ਮੁੱਖ ਸ਼ੂਟਰ ਸੰਨੀ ਉਰਫ਼ ਖੱਬੀ ਨੂੰ ਛੁਡਾਉਣ ਲਈ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਕੋਰਟ ਕੰਪਲੈਕਸ ਦੇ ਬਾਹਰ ਬੰਬੀਹਾ ਗੈਂਗ ਦੇ ਗੈਂਗਸਟਰਾਂ ਨੇ ਫਾਈਰਿੰਗ ਕੀਤੀ ਸੀ। ਹਾਲਾਂਕਿ, ਉਹ ਸੰਨੀ ਨੂੰ ਛੁਡਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ ਸੀ।
ਸਪੈਸ਼ਲ ਸੈੱਲ ਦੀ ਡੀਸੀਪੀ ਮਨੀਸ਼ਾ ਚੰਦਰਾ ਅਤੇ ਇੰਸਪੈਕਟਰ ਵਿਕਰਮ ਨੇ ਦੱਸਿਆ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਬੰਬੀਹਾ ਗੈਂਗ ਦੇ ਇਸ ਖ਼ੌਫ਼ਨਾਕ ਗੈਂਗਸਟਰ ਨੂੰ ਹਿਮਾਚਲ ਪ੍ਰਦੇਸ਼ ਦੀ ਜ਼ਿਲ੍ਹਾ ਅਦਾਲਤ ਤੋਂ ਛੁਡਾਉਣ ਦੀ ਯੋਜਨਾ ਬਣਾਈ ਸੀ। ਪਾਕਿਸਤਾਨ ‘ਚ ਬੈਠੇ ਅੱਤਵਾਦੀ ਰਿੰਦਾ ਦੇ ਇਸ਼ਾਰੇ ‘ਤੇ ਹਿਮਾਚਲ ਪ੍ਰਦੇਸ਼ ‘ਚ ਗੜਬੜ ਫੈਲਾਉਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਇਸ ਤੋਂ ਬਾਅਦ ਯੂਰਪ ‘ਚ ਬੈਠੇ ਗੈਂਗਸਟਰ ਲੱਕੀ ਪਟਿਆਲ ਦੇ ਇਸ਼ਾਰੇ ‘ਤੇ ਹੈਂਡ ਗ੍ਰਨੇਡ ਅਤੇ ਹਥਿਆਰਾਂ ਦੀ ਸਪਲਾਈ ਕੀਤੀ ਗਈ।
ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰੇ ਸ਼ੂਟਰ ਲੱਕੀ ਪਟਿਆਲ ਨਾਲ ਫੋਨ ‘ਤੇ ਗੱਲ ਕਰ ਰਹੇ ਸਨ ਅਤੇ ਲੱਕੀ ਰਿੰਦਾ ਦੇ ਸੰਪਰਕ ‘ਚ ਸੀ। ਇਸ ਦੇ ਨਾਲ ਹੀ ਨਾਂਦੇੜ ਜੇਲ੍ਹ ਵਿੱਚ ਬੰਦ ਦਲਪੀਤ ਬਾਬਾ ਵੀ ਰਿੰਦਾ ਦੇ ਸਿੱਧੇ ਸੰਪਰਕ ਵਿੱਚ ਸੀ।






