ਥਾਈ ਨੇਵੀ ਦੇ ਇੱਕ ਜਹਾਜ਼ ਦੇ ਸਮੁੰਦਰ ਵਿੱਚ ਡੁੱਬਣ ਦੀ ਖਬਰ ਆਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਜਹਾਜ਼ ਦੇ ਵਿੱਚ 100 ਤੋਂ ਜ਼ਿਆਦਾ ਲੋਕ ਸਵਾਰ ਸਨ। ਜਿਨ੍ਹਾਂ ਦੇ ਵਿੱਚੋਂ 75 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ,ਹਾਲਾਂਕਿ 31 ਲੋਕ ਹਾਲੇ ਤੱਕ ਵੀ ਲਾਪਤਾ ਦੱਸੇ ਜਾ ਰਹੇ ਹਨ।
ਮੀਡੀਆ ਵਿੱਚ ਆ ਰਹੀਆਂ ਖਬਰਾਂ ਦੇ ਮੁਤਾਬਕ ਰਾਇਲ ਥਾਈ ਨੇਵੀ ਦਾ ਐਚਟੀਐਮਐਸ ਸੁਖੋਥਾਈ ਕਾਰਵੇਟ ਐਤਵਾਰ ਸ਼ਾਮ ਨੂੰ ਥਾਈਲੈਂਡ ਦੀ ਖਾੜੀ ਵਿੱਚ ਤੇਜ਼ ਹਵਾਵਾਂ ਅਤੇ ਸਮੁੰਦਰੀ ਲਹਿਰਾਂ ਕਾਰਨ ਡੁੱਬ ਗਿਆ। ਸਰਕਾਰ ਦੇ ਵੱਲੋਂ ਰਾਹਤ ਅਤੇ ਬਚਾਅ ਦੇ ਲਈ ਜਹਾਜ਼ ਅਤੇ ਹੈਲੀਕਾਪਟਰ ਲਗਾਏ ਗਏ ਹਨ।
ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਮਿਲਣ ‘ਤੇ ਰਾਇਲ ਨੇਵੀ ਨੇ ਜਹਾਜ਼ ਦਾ ਪਾਣੀ ਕੱਢਣ ਲਈ ਮੋਬਾਈਲ ਪੰਪਿੰਗ ਮਸ਼ੀਨਾਂ ਵਾਲੇ ਤਿੰਨ ਜਹਾਜ਼ ਅਤੇ ਦੋ ਹੈਲੀਕਾਪਟਰ ਭੇਜੇ ਗਏ, ਪਰ ਤੇਜ਼ ਹਵਾਵਾਂ ਕਾਰਨ ਉਹ ਇਸ ਵਿੱਚ ਸਫਲ ਨਹੀਨ ਹੋ ਸਕੇ। ਜਹਾਜ਼ ਦਾ ਇਲੈਕਟ੍ਰੀਕਲ ਸਿਸਟਮ ਫੇਲ੍ਹ ਹੋਣ ਦੇ ਕਾਰਨ ਇਸ ਦੇ ਵਿੱਚ ਤੇਜ਼ੀ ਨਾਲ ਪਾਣੀ ਨਾਲ ਭਰ ਗਿਆ ਅਤੇ ਇਹ ਡੁੱਬ ਗਿਆ।
ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜੰਗੀ ਬੇੜਾ ਪ੍ਰਾਚੁਅਪ ਖੇੜੀ ਖਾਨ ਸੂਬੇ ਦੇ ਬੰਗਸਾਫਾਨ ਜ਼ਿਲ੍ਹੇ ਵਿੱਚ ਜੈੱਟੀ ਤੋਂ 32 ਕਿਲੋਮੀਟਰ ਦੂਰ ਸਮੁੰਦਰ ਵਿੱਚ ਗਸ਼ਤ ਕਰ ਰਿਹਾ ਸੀ। ਦਰਅਸਲ ਦੱਖਣੀ ਥਾਈਲੈਂਡ ਹਾਲ ਹੀ ਦੇ ਦਿਨਾਂ ਵਿੱਚ ਤੂਫਾਨ ਅਤੇ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਜਹਾਜ਼ਾਂ ਨੂੰ ਸਮੁੰਦਰੀ ਕਿਨਾਰੇ ਰਹਿਣ ਦੀ ਵੀ ਚਿਤਾਵਨੀ ਦਿੱਤੀ ਗਈ ਸੀ। ਇਸ ਹਾਦਸੇ ਦੇ ਬਾਰੇ ਜਾਣਕਾਰੀ ਦਿੰਦਿਆਂ ਜਲ ਸੈਨਾ ਨੇ ਕਿਹਾ ਕਿ ਸੋਮਵਾਰ ਸਵੇਰ ਤੱਕ ਜਹਾਜ਼ ‘ਤੇ ਸਵਾਰ 75 ਲੋਕਾਂ ਨੂੰ ਬਚਾ ਲਿਆ ਗਿਆ ਸੀ, ਪਰ 31 ਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਉਹ ਅਜੇ ਵੀ ਪਾਣੀ ਦੇ ਵਿੱਚ ਹੀ ਦੱਸੇ ਜਾ ਰਹੇ ਹਨ।






