ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਮੀਡੀਆ ਇੰਚਾਰਜ ਅਤੇ ਸਲਾਹਕਾਰ ਮਨਜੀਤ ਸਿੰਘ ਸਿੱਧੂ ਨੂੰ ਆਪਣਾ ਓਐਸਡੀ (ਜਨ ਸੰਪਰਕ) ਨਿਯੁਕਤ ਕਰ ਲਿਆ ਹੈ। ਦਰਅਸਲ ਮਨਜੀਤ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫੀ ਕਰੀਬੀ ਮੰਨੇ ਜਾਂਦੇ ਰਹੇ ਹਨ। ਮਨਜੀਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਅਤੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਵਿੱਚ ਇੱਕ ਸਤਿਕਾਰਤ ਸ਼ਖਸੀਅਤ ਹਨ। ਉਹ ਲੰਬੇ ਸਮੇਂ ਆਮ ਆਦਮੀ ਪਰਟੀ ਪੰਜਾਬ ਦੇ ਮੀਡੀਆ ਨੂੰ ਸੰਭਾਲ ਰਹੇ ਸਨ। ਪੱਤਰਕਾਰਾਂ ਨਾਲ ਉਨ੍ਹਾਂ ਦੇ ਚੰਗੇ ਸਬੰਧਾਂ ਅਤੇ ਅਨੁਭਵ ਕਾਰਨ ਉਨ੍ਹਾਂ ਦੀ ਨਿਯੁਕਤੀ ਦਾ ਲਾਹਾ ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਸਰਕਾਰ ਦੋਵਾਂ ਨੂੰ ਮਿਲੇਗਾ।
ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮਨਜੀਤ ਸਿੱਧੂ ਨੇ ਪੰਜਾਬ ਦੇ ਕਈ ਵੱਡੇ ਪੰਜਾਬੀ ਅਖਬਾਰਾਂ ਵਿੱਚ ਪੱਤਰਕਾਰ ਵਜੋਂ ਕੰਮ ਕੀਤਾ ਹੈ। ਮਨਜੀਤ ਸਿੰਘ ਸਿੱਧੂ ਇੱਕ ਅਖਬਾਰ ਦੇ ਸੰਪਾਦਕ ਵੀ ਰਹਿ ਚੁੱਕੇ ਹਨ। ਭਗਵੰਤ ਮਾਨ ਜਦੋਂ ਤੋਂ ਕਾਮੇਡੀ ਛੱਡ ਕੇ ਸਿਆਸਤ ਵਿੱਚ ਆਏ ਸੀ ਤਾਂ ਉਦੋਂ ਤੋਂ ਹੀ ਮਨਜੀਤ ਸਿੱਧੂ ਉਨ੍ਹਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਅਖਬਾਰ ਵਿੱਚ ਸੰਪਾਦਕ ਦੀ ਨੌਕਰੀ ਛੱਡ ਕੇ ਪੰਜਾਬ ਵਿੱਚ ਭਗਵੰਤ ਮਾਨ ਨੂੰ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ ਦੇ ਮੀਡੀਆ ਨੂੰ ਸੰਭਾਲਣਾ ਸ਼ੁਰੂ ਕੀਤਾ ਸੀ।

ਇਸ ਦੇ ਨਾਲ ਹੀ ਲੋਕ ਸੰਪਰਕ ਵਿਭਾਗ ਦੇ ਜੋਆਇਟ ਡਾਇਰੈਕਟਰ ਪ੍ਰੀਤ ਕਮਲ ਸਿੰਘ ਅਤੇ ਡਿਪਟੀ ਡਾਇਰੈਕਟਰ ਗੁਰਮੀਤ ਸਿੰਘ ਖਹਿਰਾ ਨੇ ਮੰਗਲਵਾਰ ਨੂੰ ਮੁੱਖ ਦਫ਼ਤਰ ਸਿਵਲ ਸਕੱਤਰੇਤ ਵਿਖੇ ਵਿਭਾਗ ਦੇ ਡਾਇਰੈਕਟਰ ਮੈਡਮ ਸੋਨਾਲੀ ਗਿਰੀ ਪਾਸ ਚਾਰਜ ਸੰਭਾਲ ਲਿਆ ਹੈ ।ਤੁਹਾਨੂੰ ਦੱਸ ਦਈਏ ਕਿ ਪਰੀਤ ਕਮਲ ਸਿੰਘ ਅਤੇ ਗੁਰਮੀਤ ਸਿੰਘ ਖਹਿਰਾ ਪਹਿਲਾਂ ਵਿਭਾਗ ਵਿੱਚ ਬਤੌਰ ਆਈਪੀਆਰਓ ਅਹੁਦੇ ਤੇ ਡਿਊਟੀ ਨਿਭਾ ਰਹੇ ਸਨ। ਹੁਣ ਦੋਵੇਂ ਅਧਿਕਾਰੀ ਬਕਾਇਦਾ ਤੌਰ ਤੇ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਪ੍ਰੀਖਿਆ ਪਾਸ ਕਰਕੇ ਇਨ੍ਹਾਂ ਅਹੁਦਿਆਂ ਲਈ ਨਿਯੁਕਤ ਹੋਏ ਹਨ।

ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਿੱਚ ਪ੍ਰੀਤ ਕੰਵਲ ਸਿੰਘ ਨੇ ਬਤੌਰ ਜੁਆਇੰਟ ਡਾਇਰੈਕਟਰ ਅਤੇ ਗੁਰਮੀਤ ਸਿੰਘ ਖਹਿਰਾ ਨੇ ਬਤੌਰ ਡਿਪਟੀ ਡਾਇਰੈਕਟਰ ਆਪਣਾ ਅਹੁਦਾ ਸੰਭਾਲ ਲਿਆ। ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਹੋਈ ਹੈ।
ਪ੍ਰੀਤ ਕੰਵਲ ਸਿੰਘ ਨੂੰ ਟੀ.ਵੀ. ਅਤੇ ਅਖ਼ਬਾਰ ਦੇ ਖੇਤਰ ਵਿੱਚ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੈ। ਉਨ੍ਹਾਂ ਨੇ ਸਾਲ 2011 ਵਿੱਚ ਬਤੌਰ ਸਹਾਇਕ ਲੋਕ ਸੰਪਰਕ ਅਫ਼ਸਰ ਸੇਵਾ ਸ਼ੁਰੂ ਕੀਤੀ ਅਤੇ ਸਾਲ 2015 ਵਿੱਚ ਉਹ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਬਣ ਗਏ ਸਨ। ਸਰਕਾਰੀ ਸੇਵਾ ਦੌਰਾਨ ਉਨ੍ਹਾਂ ਨੇ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਪ੍ਰੈਸ ਸੈਕਸ਼ਨ ਸਣੇ ਰੋਪੜ ਅਤੇ ਮੋਹਾਲੀ ਵਿਖੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਸੇਵਾ ਨਿਭਾਈ ਸੀ।
ਇਸ ਵਿਭਾਗ ਦੇ ਵਿੱਚ ਬਤੌਰ ਡਿਪਟੀ ਡਾਇਰੈਕਟਰ ਅਹੁਦਾ ਸੰਭਾਲਣ ਵਾਲੇ ਗੁਰਮੀਤ ਸਿੰਘ ਖਹਿਰਾ ਨੂੰ ਵੀ ਟੀ.ਵੀ. ਪੱਤਰਕਾਰਤਾ ਦਾ ਲੰਮਾ ਤਜਰਬਾ ਹੈ। ਸਾਲ 2011 ਵਿੱਚ ਬਤੌਰ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਭਰਤੀ ਹੋਏ ਖਹਿਰਾ ਨੇ ਵਿਭਾਗ ਦੇ ਪ੍ਰੈਸ ਸੈਕਸ਼ਨ, ਇਸ਼ਤਿਹਾਰ ਸ਼ਾਖਾ ਸਮੇਤ ਬਰਨਾਲਾ ਅਤੇ ਰੋਪੜ ਵਿਖੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਸੇਵਾ ਨਿਭਾਈ ਹੈ।






