ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਪੰਜਾਬ ਸਰਕਾਰ ਅਤੇ ਅਫ਼ਸਰਸ਼ਾਹੀ ਦਰਮਿਆਨ ਵਧੇ ਟਕਰਾਅ ਨੂੰ ਸੂਬੇ ਲਈ ਬੇਹੱਦ ਘਾਤਕ ਕਰਾਰ ਦਿੱਤਾ ਹੈ। ਬੀਬੀ ਗੁਲਸ਼ਨ ਨੇ ਕਿਹਾ ਕਿ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਧਮਕੀ ਤੋਂ ਬਾਅਦ ਪੀਸੀਐਸ ਅਧਿਕਾਰੀਆਂ ਵੱਲੋਂ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਪ੍ਰੰਤੂ ਅਧਿਕਾਰੀਆਂ ਦੇ ਮੰਨਾਂ ਵਿਚ ਸਰਕਾਰ ਦੇ ਵਤੀਰੇ ਪ੍ਰਤੀ ਨਫਰਤ ਖਤਮ ਨਹੀ ਹੋਈ ਹੈ। ਜਿਸ ਦਾ ਖਮਿਆਜ਼ਾ ਸੂਬੇ ਦੀ ਆਮ ਜਨਤਾ ਨੂੰ ਹੀ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਤਰੀਕੇ ਦਾ ਮਾਹੌਲ ਕਦੇ ਵੀ ਪੈਦਾ ਨਹੀ ਹੋਇਆ ਹੈ ਜਦੋਂ ਉੱਚ ਅਧਿਕਾਰੀਆਂ ਨੂੰ ਹੜਤਾਲ ਕਰਨ ਲਈ ਮਜਬੂਰ ਹੋਣਾ ਪਇਆ ਹੋਵੇ ਅਤੇ ਮਾਨ ਸਰਕਾਰ ਦੇ ਇਸ ਵਤੀਰੇ ਤੋਂ ਲੱਗ ਰਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਨਹੀ ਬਲਕਿ ਕੇਵਲ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਪ੍ਰਚਾਰ ਕਰਨਾ ਅਤੇ ਵਾਹਵਾਹੀ ਖੱਟਣਾ ਚਾਹੁੰਦੀ ਹੈ।
ਬੀਬੀ ਗੁਲਸ਼ਨ ਨੇ ਅੱਗੇ ਕਿਹਾ ਕਿ ਦਰਅਸਲ ਅਧਿਕਾਰੀਆਂ ਨੂੰ ਇਹ ਹੀ ਨਹੀ ਪਤਾ ਹੈ ਕਿ ਸਰਕਾਰ ਨੂੰ ਚਲਾ ਕੌਣ ਰਿਹਾ ਹੈ ਅਤੇ ਉਹ ਆਪਣੇ ਦੁੱਖੜੇ ਕਿਸੇ ਨੂੰ ਦੱਸਣ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਵਿਜੀਲੈਂਸ ਬਿਊਰੋ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਹੈ ਅਤੇ ਉਨ੍ਹਾਂ ਨੂੰ ਖ਼ੁਦ ਇਹ ਜਾਣਕਾਰੀ ਨਹੀ ਹੈ ਕਿ ਕਿਨ੍ਹਾਂ ਅਧਿਕਾਰੀਆਂ ਵਿਰੁੱਧ ਵਿਜੀਲੈਂਸ ਨੇ ਮਾਮਲੇ ਦਰਜ ਕੀਤੇ ਹਨ।
ਬੀਬੀ ਗੁਲਸ਼ਨ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਕਿਸੇ ਹੋਰ ਜਗ੍ਹਾਂ ਤੋਂ ਚੱਲ ਰਹੀ ਹੈ। ਇਕ ਅਖ਼ਬਾਰ ਵਿਚ ਛਪੀ ਖ਼ਬਰ ਦਾ ਜ਼ਿਕਰ ਕਰਦਿਆਂ ਬੀਬੀ ਗੁਲਸ਼ਨ ਨੇ ਕਿਹਾ ਕਿ ਇਕ ਸੀਨੀਅਰ ਉੱਚ ਅਧਿਕਾਰੀ ਵਲੋਂ ਪੰਜਾਬ ਸਰਕਾਰ ਦੇ ਇਕ ਮੰਤਰੀ ਨੂੰ ਗੁਜਰਾਤ ਚੋਣਾਂ ਮੌਕੇ 20 ਲੱਖ ਰੁਪਏ ਇਕੱਠੇ ਕਰਕੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਬੀ ਗੁਲਸ਼ਨ ਨੇ ਕਿਹਾ ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਇਹ ਭ੍ਰਿਸਟਾਚਾਰ ਨਹੀ ਹੈ? ਉਨ੍ਹਾਂ ਇਸ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਭ੍ਰਿਸ਼ਟ ਮੰਤਰੀ ਦਾ ਨਾਂਅ ਉਜਾਗਰ ਕਰਨ ਅਤੇ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਵੀ ਮੰਗ ਕੀਤੀ ਹੈ।






