ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਨਾਜਾਇਜ਼ ਸਬੰਧਾਂ ਵਿੱਚ ਰੁਕਾਵਟ ਬਣਨ ਵਾਲੇ ਪਤੀ ਨੂੰ ਮੌਤ ਦੇ ਘਾਟ ਉਤਾਰਨ ਦੇ 2 ਮਾਮਲਿਆਂ ਦੀ ਪੁਲਿਸ ਨੇ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ।ਪੁਲਿਸ ਦੇ ਮਾੁਤਾਬਕ ਇਨ੍ਹਾਂ ਦੋਵਾਂ ਮਾਮਲਿਆਂ ਦੇ ਵਿੱਚ ਪਤੀ ਨੂੰ ਸ਼ਰਾਬ ਪਿਆਉਣ ਤੋਂ ਬਾਅਦ ਕਤਲ ਕਰ ਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। ਸੀਆਈਏ ਸਟਾਫ ਵੱਲੋਂ ਥਾਣਾ ਭਾਦਸੋਂ ਅਤੇ ਬਨੂੜ ਵਿਖੇ ਦਰਜ ਮਾਮਲਿਆਂ ਦੀ ਪੜਤਾਲ ਕਰਨ ਦੇ ਦੌਰਾਨ ਦੋਵੇਂ ਅੰਨ੍ਹੇ ਕਤਲਾਂ ਦੀਆਂ ਗੁੱਥੀਆਂ ਨੂੰ ਸੁਲਝਾ ਲਿਆ ਹੈ । ਪੁਲਿਸ ਨੇ ਮ੍ਰਿਤਕ ਵਿਅਕਤੀਆਂ ਦੀਆਂ ਪਤਨੀਆਂ ਸਣੇ ਅੱਠ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ।
ਇਨ੍ਹਾਂ ਮਾਮਲਿਆ ਦੇ ਬਾਰੇ ਜਾਣਕਾਰੀ ਦਿੰਦਿਆਂ ਐੱਸਪੀ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਚਾਰ ਜਨਵਰੀ ਨੂੰ ਰੇਸ਼ਮ ਸਿੰਘ ਵਾਸੀ ਪਿੰਡ ਰੰਨੋਂ ਨੇ ਪੁਲਿਸ ਨੂੰ ਜਸਵੀਰ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ਼ ਕਰਵਾਈ ਸੀ।ਜਿਸ ਦੀ ਭਾਲ ਦੌਰਾਨ ਜਸਵੀਰ ਸਿੰਘ ਦਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਸਾਨੀਪੁਰ ਦੇ ਨੇੜੇ ਸਰਹਿੰਦ ਭਾਖੜਾ ਨਹਿਰ ਦੇ ਕੰਢੇ ਤੋਂ ਬਰਾਮਦ ਹੋਇਆ ਸੀ ।ਜਿਸ ਤੋਂ ਬਾਅਦ ਉਸ ਦੀ ਲਾਸ਼ 9 ਜਨਵਰੀ ਨੂੰ ਨਹਿਰ ਦੇ ਵਿੱਚੋਂ ਬਰਾਮਦ ਕੀਤੀ ਗਈ ਸੀ।ਪੁਲਿਸ ਦੇ ਵੱਲੋਂ ਕੀਤੀ ਗਈ ਜਾਂਚ ਦੇ ਵਿੱਚ ਇਹ ਦੱਸਿਅ ਗਿਆ ਹੈ ਕਿ ਜਸਵੀਰ ਸਿੰਘ ਦਾ ਸਾਲ 2011 ਦੇ ਵਿੱਚ ਪ੍ਰਭਜੋਤ ਕੌਰ ਦੇ ਨਾਲ ਵਿਆਹ ਹੋਇਆ ਸੀ ਅਤੇ ਇਨ੍ਹਾਂ ਦੇ ਦੋ ਬੱਚੇ ਵੀ ਹਨ। ਜਸਵੀਰ ਸਿੰਘ ਅਤੇ ਪ੍ਰਭਜੋਤ ਕੌਰ ਦੇ ਵਿਆਹੁਤਾ ਜੀਵਨ ਦੇ ਸਬੰਧ ਕਾਫੀ ਦੇਰ ਤੋਂ ਵਧੀਆ ਨਹੀਂ ਸਨ।ਕਰੀਬ 8-10 ਮਹੀਨਿਆਂ ਦੌਰਾਨ ਪ੍ਰਭਜੋਤ ਕੌਰ ਸੋਸ਼ਲ ਮੀਡੀਆ ਰਾਹੀਂ ਕੁਲਦੀਪ ਸਿੰਘ ਉਰਫ ਰਿੰਕੁ ਦੇ ਸੰਪਰਕ ਵਿੱਚ ਆਈ ਸੀ। ਰਿੰਕੂ ਜੋ ਕਿ ਦੁਬਈ ਵਿਖੇ ਰਹਿੰਦਾ ਰਿਹਾ ਹੈ ਅਤੇ ਉਹ ਦਸੰਬਰ 2022 ਵਿੱਚ ਆਪਣੇ ਪਿੰਡ ਝੰਬਾਲੀ ਸਾਨੀ ਵਿਖੇ ਆਇਆ ਸੀ। ਇਸੇ ਦੌਰਾਨ ਹੀ ਕੁਲਦੀਪ ਸਿੰਘ ਰਿੰਕੂ ਅਤੇ ਪ੍ਰਭਜੋਤ ਕੌਰ ਦੇ ਆਪਸ ਵਿੱਚ ਸਬੰਧ ਬਣ ਗਏ ਸਨ। ਜਿਸ ਦਾ ਪਤਾ ਲੱਗਣ ‘ਤੇ ਜਸਵੀਰ ਇਨ੍ਹਾਂ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ।
ਇੰਸਪੈਕਟਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਕੌਰ ਅਤੇ ਰਿੰਕੂ ਦੇ ਵੱਲੋਂ ਜਸਵੀਰ ਸਿੰਘ ਨੂੰ ਜਾਨੋ ਮਾਰਨ ਲਈ ਕਾਫੀ ਦੇਰ ਤੋਂ ਯੋਜਨਾ ਬਣਾਈ ਹੋੀ ਸੀ। ਇਸੇ ਤਹਿਤ ਕੁਲਦੀਪ ਸਿੰਘ ਨੇ ਆਪਣੇ ਪਿੰਡ ਝੰਬਾਲੀ ਸਾਨੀ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਉਰਫ ਦੁੱਲਾ ਅਤੇ ਜਗਪਾਲ ਸਿੰਘ ਉਰਫ ਬੂੱਟਾ ਨਾਲ ਮਿਲ ਕੇ ਸਾਜ਼ਿਸ਼ ਰਚੀ ਅਤੇ ਜਸਵੀਰ ਸਿੰਘ ਨੂੰ ਬਹਾਨੇ ਨਾਲ ਸਰਹਿੰਦ ਲੈ ਗਏ। ਫਿਰ ਉਸ ਨੂੰ ਸ਼ਰਾਬ ਪਿਆ ਕੇ ਨਹਿਰ ‘ਤੇ ਲੈ ਗਏ ਜਿਥੇ ਜਸਵੀਰ ਸਿੰਘ ਦੇ ਗੱਲ ਅਤੇ ਸਿਰ ਵਿੱਚ ਸੱਟਾਂ ਮਾਰ ਕੇ ਉਸ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ।
ਇੱਕ ਹੋਰ ਮਾਮਲੇ ਦੇ ਵਿੱਚ ਪੁਲਿਸ ਨੂੰ ਹਦਾਇਤਪੁਰਾ ਅਤੇ ਉਚਾ ਖੇੜਾ ਵਿਚਕਾਰ ਨਹਿਰ ‘ਚੋਂ ਅਜੇ ਕੁਮਾਰ ਦੀ ਲਾਸ਼ ਬਰਾਮਦ ਹੋਈ ਸੀ। ਮ੍ਰਿਤਕ ਅਜੇ ਕੁਮਾਰ ਦੇ ਭਰਾ ਦੀਪਕ ਨੇ ਦੱਸਿਆ ਕਿ ਅਜੈ ਦਾ ਸਾਲ 2005 ਵਿੱਚ ਸੰਗੀਤਾ ਰਾਣੀ ਵਾਸੀ ਚੋਪੜਾ ਵਾਲਾ (ਉਤਰਾਖੰਡ) ਨਾਲ ਵਿਆਹ ਹੋਇਆ ਸੀ, ਜਿਸ ਦੇ 3 ਬੱਚੇ ਹਨ। ਅਜੈ ਕੁਮਾਰ ਲੱਕੜ ਅਤੇ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਹੁਣ ਕਾਫੀ ਸਾਲਾਂ ਤੋਂ ਪਿੰਡ ਕਲੋਲੀ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਕਰੀਬ 5-6 ਸਾਲਾਂ ਤੋਂ ਅਜੈ ਕੁਮਾਰ ਦੀ ਲਖਵਿੰਦਰ ਸਿੰਘ ਕਾਕਾ ਵਾਸੀ ਕੇਹਰਗੜ੍ਹ ਦੀ ਆਪਸ ਵਿੱਚ ਦੋਸਤੀ ਹੋ ਗਈ ਸੀ।ਜਿਸ ਤੋਂ ਬਾਅਦ ਸੰਗੀਤਾ ਰਾਣੀ ਦੇ ਲਖਵਿੰਦਰ ਸਿੰਘ ਕਾਕਾ ਨਾਲ ਸਬੰਧ ਬਣ ਗਏ ਸਨ।
ਪੁਲਿਸ ਦੇ ਮੁਤਾਬਕ ਸਾਜਿਸ਼ ਤਹਿਤ ਇੱਕ ਜਨਵਰੀ ਨੂੰ ਸੰਗੀਤਾ ਆਪਣੇ ਬੱਚਿਆਂ ਨਾਲ ਪੇਕੇ ਘਰ ਉਤਰਾਖੰਡ ਚਲੀ ਗਈ। ਤਿੰਨ ਜਨਵਰੀ ਨੂੰ ਲਖਵਿੰਦਰ ਸਿੰਘ ਕਾਕਾ ਨੇ ਆਪਣੇ ਸਾਥੀਆਂ ਹਰਿੰਦਰ ਸਿੰਘ ਬਿੰਦਰੀ ਵਾਸੀ ਕੇਹਰਗੜ੍ਹ ਅਤੇ ਹਰਦੀਪ ਸਿੰਘ ਨੋਨੀ ਵਾਸੀ ਚੋਲਟਾ ਕਲਾਂ ਨਾਲ ਮਿਲ ਕੇ ਅਜੈ ਕੁਮਾਰ ਨੂੰ ਸ਼ਰਾਬ ਪਿਆਈ। ਇਸ ਤੋਂ ਬਾਅਦ ਪਿੰਡ ਹਦਾਇਤਪੁਰਾ ਲਿਜਾ ਕੇ ਉਸ ਦਾ ਗਲਾ ਚਾਕੂ ਨਾਲ ਵੱਡ ਕੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।






