ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਸ਼ੁਕਰਪੁਰਾ ‘ਚ ਐਤਵਾਰ ਨੂੰ ਦੇਰ ਰਾਤ ਅਣਪਛਾਤਿਆਂ ‘ਚ ਹੋਈ ਲੜਾਈ ਤੋਂ ਬਾਅਦ ਗੋਲੀ ਚੱਲੀ ਹੈ। ਗੋਲੀ ਲੱਗਣ ਨਾਲ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ,ਜਿਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਦੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਵਿਅਕਤੀ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸ਼ੁਕਰਪੂਰਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਅਮਰਜੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਘਰ ਗੁਰਦੁਆਰਾ ਸਾਹਿਬ ਵਾਲੀ ਮੇਨ ਗਲੀ ਵਿੱਚ ਹੈ ਅਤੇ ਬੀਤੀ ਰਾਤ ਡੇਰਾ ਬਾਬਾ ਨਾਨਕ ਰੋਡ ਸ਼ੁਕਰਪੁਰਾ ਵਿਖੇ ਅਣਪਛਾਤੇ ਨੌਜਵਾਨਾਂ ‘ਚ ਲੜਾਈ ਹੋਈ ਅਤੇ ਇਕ ਨੌਜਵਾਨ ਆਪਣੇ ਆਪ ਨੂੰ ਬਚਾਕੇ ਸਾਡੀ ਗਲੀ ਵਿਚੋਂ ਦੌੜਿਆ ਅਤੇ ਉਸ ਪਿੱਛੇ ਅਣਪਛਾਤੇ ਕੁਝ ਨੌਜਵਾਨਾਂ ਨੇ ਗੋਲੀ ਚਲਾਈ ਜੋ ਉਸਦੇ ਬੇਟੇ ਅਮਰਜੀਤ ਸਿੰਘ ਨੂੰ ਛਾਤੀ ਦੇ ਖੱਬੇ ਪਾਸੇ ਲੱਗੀ ਹੈ। ਉਸ ਨੇ ਦੱਸਿਆ ਕਿ ਉਹ ਅਤੇ ਉਸਦਾ ਪੁੱਤਰ ਅਮਰਜੀਤ ਸਿੰਘ ਉਸ ਵਕਤ ਆਪਣੇ ਘਰ ਦੇ ਬਾਹਰ ਖੜ੍ਹੇ ਸਨ ਜਦ ਉਸ ਨੂੰ ਗੋਲੀ ਲੱਗੀ। ਉਨ੍ਹਾਂ ਦੱਸਿਆ ਕਿ ਜ਼ਖਮੀ ਅਮਰਜੀਤ ਨੂੰ ਉਹਨਾਂ ਨੇ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ। ਜਿਥੇ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਖਮੀ ਅਮਰਜੀਤ ਦਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਸਥਿਰ ਹੈ। ਚਰਨਜੀਤ ਕੌਰ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਨੌਜਵਾਨਾਂ ਨਾਲ ਉਨ੍ਹਾਂ ਦਾ ਕੋਈ ਵੈਰ-ਵਿਰੋਧ ਨਹੀਂ ਅਤੇ ਨਾ ਹੀ ਉਹ ਉਨ੍ਹਾਂ ਨੂੰ ਜਾਣਦੇ ਹਨ। ਉਸ ਨੇ ਦੱਸਿਆ ਕਿ ਉਹ ਤਾਂ ਸੜਕ ‘ਤੇ ਹੋ ਰਹੀ ਲੜਾਈ ਦਾ ਰੌਲ਼ਾ ਸੁਣ ਕੇ ਘਰ ਤੋਂ ਬਾਹਰ ਆਏ ਸਨ ਕਿ ਇਹ ਭਾਣਾ ਵਾਪਰ ਗਿਆ। ਉਕਤ ਮਾਮਲੇ ਦੇ ਸਬੰਧ ‘ਚ ਥਾਣਾ ਸਿਵਲ ਲਾਈਨ ਦੇ ਐਸਐਚਓ ਕੁਲਵੰਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।






