ਆਪਣੀ ਮਾਤ ਭਾਸ਼ਾ ’ਤੇ ਮਾਣ ਕਰਨ ਲਈ ਹਰ ਸਾਲ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਪੂਰੇ ਸੰਸਾਰ ਵਿਚ ਮਨਾਇਆ ਜਾਂਦਾ ਹੈ। ਗੱਲ ਕਰਦੇ ਹਾਂ ਪੰਜਾਬੀ ਮਾਂ ਬੋਲੀ ਦੀ ਜੋ ਪੰਜਾਬ ’ਚ ਹੀ ਨਹੀਂ, ਬਲਕਿ ਵਿਦੇਸ਼ਾਂ ਵਿਚ ਵੀ ਖ਼ਾਸ ਸਥਾਨ ਰੱਖਦੀ ਹੈ। ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਦੁਨੀਆ ’ਚ 7,000 ਦੇ ਕਰੀਬ ਭਾਸ਼ਾਵਾਂ ਹਨ ਜਿਨ੍ਹਾਂ ’ਚੋਂ ਪੰਜਾਬੀ ਨੂੰ 10ਵਾਂ ਸਥਾਨ ਹਾਸਲ ਹੈ। ਇੰਗਲੈਂਡ ਅਤੇ ਕੈਨੇਡਾ ’ਚ ਪੰਜਾਬੀ ਤੀਜੇ ਸਥਾਨ ’ਤੇ ਹੈ। ਆਸਟੇ੍ਰਲੀਆ ਵਿਚ ਪੰਜਾਬੀ ਨੂੰ ਦੂਸਰਾ ਸਥਾਨ ਹਾਸਲ ਹੈ ਜਦਕਿ ਦੁਨੀਆ ਭਰ ’ਚ 15 ਕਰੋੜ ਤੋਂ ਵੱਧ ਲੋਕ ਪੰਜਾਬੀ ਜ਼ੁਬਾਨ ਬੋਲਣ ਵਾਲੇ ਵੱਸਦੇ ਹਨ। ਪ੍ਰਦੇਸਾਂ ਵਿਚ ਜਾ ਕੇ ਵੀ ਪੰਜਾਬੀ ਆਪਣੀ ਮਾਂ ਬੋਲੀ ਤੋਂ ਵਿਰਵੇ ਨਹੀਂ ਹੋਏ, ਬਲਕਿ ਉਨ੍ਹਾਂ ਨੇ ਉੱਥੇ ਵੀ ਇਕ ਪੰਜਾਬ ਵਸਾ ਲਿਆ ਹੈ ਜਿਨ੍ਹਾਂ ਨੇ ਨਾ ਕੇਵਲ ਅਪਣੀ ਮਾਤ ਭਾਸ਼ਾ ਨੂੰ ਹੀ ਸੰਭਾਲਿਆ ਹੋਇਆ ਹੈ ਸਗੋਂ ਸਾਹਿਤ ਤੇ ਸੱਭਿਆਚਾਰ ਨੂੰ ਵੀ ਦੇਸ਼ਾਂ-ਵਿਦੇਸ਼ਾਂ ’ਚ ਨਵੀਂ ਤੇ ਨਿਵੇਕਲੀ ਪਛਾਣ ਦਿੱਤੀ ਹੈ। ਕਿਸੇ ਸ਼ਾਇਰ ਨੇ ਠੀਕ ਲਿਖਿਆ ਹੈ ਕਿ ਸਿੱਖ ਅੰਗਰੇਜ਼ੀ, ਲਿਖ ਅੰਗਰੇਜ਼ੀ, ਇਹ ਵੀ ਇਕ ਅਮੀਰੀ ਪਰ ਨਾ ਭੁੱਲੀਂ ਜਿਉਣ ਜੋਗਿਆ ਊੜਾ ਐੜਾ ਈੜੀ, ਭਾਵ ਸਭ ਭਾਸ਼ਾਵਾਂ ਸਿੱਖੋ ਪਰ ਆਪਣੀ ਭਾਸ਼ਾ ਦੀ ਕੁਰਬਾਨੀ ਦੇ ਕੇ ਨਹੀਂ। ਹਰ ਸਾਲ ਮਾਤ ਭਾਸ਼ਾ ਦਿਵਸ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਯਤਨ ਕੀਤੇ ਜਾਂਦੇ ਹਨ। ਇਸ ਸਾਲ ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ 21 ਫਰਵਰੀ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਤੋਂ ਪਹਿਲਾਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿਚ ਸਾਈਨ ਬੋਰਡਾਂ ’ਤੇ ਪੰਜਾਬੀ ਭਾਸ਼ਾ ਦੀ ਵਰਤੋਂ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਮੱਦੇਨਜ਼ਰ ਸਾਰੇ ਸਰਕਾਰੀ ਅਤੇ ਅਰਧ-ਸਰਕਾਰੀ ਦਫ਼ਤਰਾਂ ਤੋਂ ਇਲਾਵਾ ਬੋਰਡਾਂ, ਕਾਰਪੋਰੇਸ਼ਨਾਂ, ਵਿੱਦਿਅਕ ਅਦਾਰਿਆਂ, ਜਨਤਕ, ਨਿੱਜੀ ਅਤੇ ਵਪਾਰਕ ਅਦਾਰਿਆਂ ਨੂੰ ਇਸ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਉੱਥੇ ਦੂਜੇ ਪਾਸੇ ਵੱਖ-ਵੱਖ ਸੰਸਥਾਵਾਂ ਦੇ ਨਾਲ ਨਾਲ ਪੰਜਾਬੀ ਦੇ ਸਿਰਮੌਰ ਅਖਬਾਰ ‘ਪੰਜਾਬੀ ਜਾਗਰਣ’ ਵੱਲੋਂ ਵੀ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਮਾਂ ਬੋਲੀ ਲਹਿਰ ਪਿੰਡ ਪਿੰਡ ਸ਼ਹਿਰ ਸ਼ਹਿਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਵੱਖ-ਵੱਖ ਸਕੂਲਾਂ ਵਿੱਚ ਲੇਖ ਮੁਕਾਬਲੇ ਕਰਵਾ ਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਦੇ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਜਾ ਰਿਹਾ ਹੈ ਪਰ ਅਜੇ ਵੀ ਮਾਂ ਬੋਲੀ ਦੀ ਬਿਹਤਰੀ ਲਈ ਬਹੁਤ ਕੁਝ ਕਰਨ ਦੀ ਲੋੜ ਹੈ।
ਪੰਜਾਬੀ ਭਾਸ਼ਾ ਦੁਨੀਆ ਦੀ ਸਭ ਤੋਂ ਅਮੀਰ ਭਾਸ਼ਾ ਹੈ। ਦੂਜੀਆਂ ਭਾਸ਼ਾਵਾਂ ਦੇ ਖ਼ੂਬਸੂਰਤ ਸ਼ਬਦਾਂ ਨੂੰ ਆਪਣੇ ਕਲਾਵੇ ’ਚ ਭਰਨ ਦੀ ਜੋ ਮੁਹਾਰਤ ਪੰਜਾਬੀ ਭਾਸ਼ਾ ਦੇ ਹਿੱਸੇ ਆਈ ਹੈ, ਉਹ ਮੁਹਾਰਤ ਦੁਨੀਆ ਦੀ ਹੋਰ ਕਿਸੇ ਵੀ ਭਾਸ਼ਾ ਕੋਲ ਨਹੀਂ ਹੈ। ਭਾਸ਼ਾ ਕਿਸੇ ਵੀ ਦੇਸ਼ ਕੌਮ ਦੀ ਪਛਾਣ, ਉਸ ਖਿੱਤੇ ਦਾ ਸਵੈਮਾਣ ਹੁੰਦੀ ਹੈ। ਭਾਸ਼ਾ ਮਨੁੱਖ ਦੀ ਆਤਮਾ ਦਾ ਬਾਹਰੀ ਪ੍ਰਗਟਾਵਾ ਹੈ ਪਰ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲ ਕੇ ਫੋਕੀ ਸ਼ੋਹਰਤ ਲਈ ਜਾਂ ਆਪਣੇ ਆਪ ਨੂੰ ਜ਼ਿਆਦਾ ਆਧੁਨਿਕ ਦੱਸਣ ਲਈ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਣ ਲੱਗ ਪਏ ਹਾਂ। ਮਾਤ ਭਾਸ਼ਾ ਦੀ ਥਾਂ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਬੋਲਣ ਨੂੰ ਤਰਜੀਹ ਦਿੰਦੇ ਹਾਂ। ਪੰਜਾਬ ’ਚ ਬਹੁਤ ਸਾਰੀਆਂ ਸੰਸਥਾਵਾਂ, ਜਿਵੇਂ ਨਿੱਜੀ ਸਕੂਲ ਜਿਨ੍ਹਾਂ ’ਚ ਬੱਚਿਆਂ ਨੂੰ ਕੇਵਲ ਅੰਗਰੇਜ਼ੀ ਜਾਂ ਹਿੰਦੀ ’ਚ ਗੱਲ ਕਰਨ ਦੀ ਆਗਿਆ ਹੁੰਦੀ ਹੈ। ਪੰਜਾਬ ਦੇ ਸਕੂਲਾਂ ’ਚ ਪੰਜਾਬੀ ਬੋਲਣ ’ਤੇ ਜੁਰਮਾਨਾ ਹੁੰਦਾ ਹੈ, ਜਿਸ ਨੂੰ ਦੁਸ਼ਮਣ ਤਾਂ ਖ਼ਤਮ ਨਹੀਂ ਕਰ ਸਕੇ ਪਰ ਉਸ ਨੂੰ ਆਪਣੇ ਧੀਆਂ-ਪੁੱਤਰ ਹੀ ਮੁਕਾਉਣ ਲਈ ਤਰਲੋਮੱਛੀ ਹਨ। ਇਨਸਾਨ ਦੀ ਮਾਂ ਬੋਲੀ ਉਸ ਦੀ ਸ਼ਖ਼ਸੀਅਤ ਉਸਾਰੀ ਦਾ ਮੂਲ ਆਧਾਰ ਹੁੰਦੀ ਹੈ। ਆਪਣੇ ਦੁੱਖਾਂ, ਸੁੱਖਾਂ, ਗੁੱਸੇ, ਪਿਆਰ ਅਤੇ ਲੋੜਾਂ-ਥੋੜ੍ਹਾਂ ਸਮੇਤ ਆਪਣੀਆਂ ਭਾਵਨਾਵਾਂ ਨੂੰ ਸਿਰਫ਼ ਮਾਂ ਬੋਲੀ ’ਚ ਹੀ ਪਰਗਟ ਕੀਤਾ ਜਾ ਸਕਦਾ ਹੈ। ਆਪਣੀ ਗੱਲ ਕਰਨ ਅਤੇ ਦੂਜੇ ਦੀ ਸਮਝਣ ਲਈ ਮਾਤ ਭਾਸ਼ਾ ਸਹਾਈ ਹੁੰਦੀ ਹੈ। ਮਾਤ ਭਾਸ਼ਾ ਕਿਤੋਂ ਬਾਹਰੋਂ ਸਿੱਖਣ ਦੀ ਲੋੜ ਨਹੀਂ ਪੈਂਦੀ, ਬਲਕਿ ਇਹ ਇਨਸਾਨ ਦੇ ਅੰਦਰ ਹੁੰਦੀ ਹੈ, ਖ਼ੂਨ ਅਤੇ ਸੁਭਾਅ ’ਚ। ਦੁਨੀਆ ਦੀ ਕਿਸੇ ਵੀ ਹੋਰ ਭਾਸ਼ਾ ਨੂੰ ਬੋਲਣ ਅਤੇ ਸਮਝਣ ਲਈ ਆਪਣੀ ਮਾਤ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ। ਮਾਂ ਬੋਲੀ ਨੂੰ ਵਿਸਾਰ ਕੇ ਬੰਦਾ ਯਤੀਮ ਹੋ ਜਾਂਦਾ ਹੈ, ਕੱਖਾਂ ਵਾਂਗ ਰੁਲ ਜਾਂਦਾ ਹੈ। ਹਰ ਖਿੱਤੇ, ਹਰ ਕੌਮ ਦੀ ਮਾਤ ਭਾਸ਼ਾ ਹੀ ਉਸ ਦੀ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦੀ ਹੈ। ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਵਿਅਕਤੀ ਆਪਣੀ ਮਾਤ ਭਾਸ਼ਾ ’ਚ ਗਿਆਨ ਛੇਤੀ ਗ੍ਰਹਿਣ ਕਰਦਾ ਹੈ ਕਿਉਂਕਿ ਇਹ ਭਾਸ਼ਾ ਉਸ ਦੀ ਮਾਂ ਦੀ ਭਾਸ਼ਾ ਹੈ ਜੋ ਜਨਮ ਸਮੇਂ ਸਭ ਤੋਂ ਪਹਿਲਾਂ ਉਸ ਦੇ ਕੰਨਾਂ ’ਚ ਗੂੰਜੀ। ਬੱਚਾ ਉਸੇ ’ਚ ਹੱਸਦਾ, ਰੋਂਦਾ, ਗਾਉਂਦਾ ਤੇ ਖੇਡਦਾ ਹੈ। ਜਿਸ ਭਾਸ਼ਾ ’ਚ ਖੁੱਲ ਹੈ, ਉਸ ਵਿਚ ਕੋਈ ਰਸਮ ਨਹੀਂ, ਕੋਈ ਉਚੇਚਾ ਨਹੀਂ, ਕੁਦਰਤੀ ਵਰਤਾਰਾ ਹੈ ਕੁਝ ਵੀ ਬਨਾਵਟੀ ਨਹੀਂ। ਮਾਤ ਭਾਸ਼ਾ ਨਿਰਛਲ ਤੇ ਪਵਿੱਤਰ ਹੁੰਦੀ ਹੈ। ਝਰਨਿਆਂ ਦੇ ਵਹਿ ਰਹੇ ਆਪਮੁਹਾਰੇ ਵਹਾਅ ਦੀ ਤਰ੍ਹਾਂ ਪਰ ਸੰਸਾਰ ਦੀਆਂ ਆਰਥਿਕ ਤੇ ਉਦਯੋਗਿਕ ਨੀਤੀਆਂ ਨੇ ਜਿਥੇ ਸਾਡੇ ਜੀਵਨ ਦੀ ਸਾਦਗੀ ਖੋਹ ਕੇ ਸਾਨੂੰ ਇਕ ਮਨੁੱਖ ਤੋਂ ਮਸ਼ੀਨ ਬਣਾ ਦਿੱਤਾ ਹੈ, ਉਥੇ ਹੀ ਸਾਡਾ ਸਾਹਿਤ, ਸੱਭਿਆਚਾਰ, ਸਾਡੀ ਬੋਲੀ, ਸਾਡੀ ਭਾਸ਼ਾ ਵੀ ਖੋਹ ਲਈ ਹੈ। ਅੱਜ ਸਾਡੇ ਮਨਾਂ ’ਚ ਇਹ ਗੱਲ ਬਿਠਾ ਦਿੱਤੀ ਹੈ ਕਿ ਪੰਜਾਬੀ ਅਨਪੜ੍ਹਾਂ ਦੀ ਭਾਸ਼ਾ ਹੈ।






