ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਅਣਪਛਾਤੇ ਨੌਵਾ ਕਾਰ ‘ਚ ਸਵਾਰ ਹੋ ਕੇ ਆਏ ਵਿਅਕਤੀਆਂ ਵੱਲੋਂ ਬੰਧਕ ਬਣਾ ਕੇ 50 ਲੱਖ ਰੁਪਏ ਦੀ ਫ਼ਿਰੌਤੀ ਮੰਗਦਿਆਂ ਹਮਲਾ ਕਰ ਦਿੱਤਾ ਗਿਆ। ਇਸ ਦੇ ਕਾਰਨ ਸਾਬਕਾ ਵਿਧਾਇਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਇਸ ਦੀ ਖ਼ਬਰ ਅੱਗ ਦੀ ਤਰ੍ਹਾਂ ਫ਼ੈਲ ਗਈ। ਪੁਲਿਸ ਵੱਲੋਂ ਵੀ ਮਾਮਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਗਈ।
ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੇ ਬਰੇਟਾ ਸਥਿਤ ਦਫ਼ਤਰ ‘ਚ ਆਏ ਸਨ ਤਾਂ ਇਸ ਦੌਰਾਨ ਕੁਝ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਦਫ਼ਤਰ ’ਚ ਦਾਖ਼ਲ ਹੋ ਕੇ ਅੰਦਰੋਂ ਕੁੰਡੀ ਲਗਾ ਲਈ ਅਤੇ ਉਨ੍ਹਾਂ ਦਾ ਮੋਬਾਈਲ ਬੁਰ੍ਹੀ ਤਰ੍ਹਾਂ ਭੰਨ ਦਿੱਤਾ। ਇਸ ਬਾਅਦ 50 ਲੱਖ ਰੁਪਏ ਦੀ ਮੰਗ ਕਰਨ ਲੱਗੀ। ਇਸ ਦੌਰਾਨ ਉਨ੍ਹਾਂ ਇਸ ਤੋਂ ਅਸਮਰੱਥਤਾ ਦਿਖਾਈ ਤਾਂ ਉਨ੍ਹਾਂ ਦੀ ਕੁੱਟਮਾਰ ਕਰਨ ਲੱਗੇ।
ਇਸ ਬਾਅਦ ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਮਾਮਲੇ ’ਚ ਜੇਕਰ ਤੁਸੀਂ ਇਸ ਸਬੰਧੀ ਪੁਲਿਸ ਨੂੰ ਦੱਸਿਆ ਤਾਂ ਤੁਹਾਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ ਅਤੇ 2 ਦਿਨਾਂ ਬਾਅਦ ਸਾਡਾ ਆਦਮੀ ਤੁਹਾਡੇ ਕੋਲੋਂ ਆ ਕੇ 50 ਲੱਖ ਰੁਪਏ ਲੈ ਜਾਵੇਗਾ। ਇਸ ‘ਤੇ ਉਸ ਵੱਲੋਂ ਰੋਲਾ ਪਾਉਣ ਤੇ ਉਹ ਫ਼ਰਾਰ ਹੋ ਗਏ।
ਪੁਲਿਸ ਨੇ ਉਪਰੋਕਤ ਘਟਨਾ ਬਾਅਦ ਜ਼ਿਲੇ ‘ਚ ਨਾਕਾਬੰਦੀ ਕਰਕੇ ਨੌਵਾ ਸਵਾਰ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਆਸ ਪਾਸ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਕੈਮਰਿਆਂ ‘ਚ ਹਮਲਾਵਰਾਂ ਦੀ ਫ਼ੋਟੋਜ਼ ਵੀ ਆਈ ਹੈ। ਘਟਨਾ ਵਾਲੀ ਜਗ੍ਹਾ ਦਾ ਜਾਇਜਾਂ ਲੈਣ ਲਈ ਡੀਐੱਸਪੀ ਨਵਨੀਤ ਕੌਰ ਗਿੱਲ, ਐੱਸਐੱਚਓ ਬਰੇਟਾ ਗੁਰਦਰਸ਼ਨ ਸਿੰਘ ਮਾਨ ਮੌਕੇ ‘ਤੇ ਪਹੁੰਚੇ। ਸਾਬਕਾ ਵਿਧਾਇਕ ’ਤੇ ਹੋਏ ਹਮਲੇ ਦੀ ਖ਼ਬਰ ਅੱਗ ਦੀ ਤਰ੍ਹਾਂ ਫੈਲ ਗਈ। ਇਸੇ ਦੌਰਾਨ ਹੀ ਸਾਬਕਾ ਵਿਧਾਇਕ ਦੇ ਮੈਡੀਕਲ ਟੈਸਟ ਕਰਵਾਉਣ ਲਈ ਬੁਢਲਾਡੇ ਤੋਂ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਉਂਝ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਤੰਦਰੁਸਤ ਦੱਸਿਆ ਗਿਆ ਹੈ। ਇਸ ਮੌਕੇ ਤੇ ਕਾਂਗਰਸੀ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ, ਆੜ੍ਹਤੀਆਂ ਐਸੋਸੀਏਸ਼ਨ ਦੇ ਪੇ੍ਰਮ ਸਿੰਘ ਦੋਦੜਾ, ਸ਼ੈਲਰ ਐਸੋਸੀਏਸ਼ਨ ਦੇ ਰਮੇਸ਼ ਕੁਮਾਰ ਟੈਣੀ ਆਦਿ ਵੱਡੀ ਗਿਣਤੀ ਚ ਸਮੱਰਥਕ ਪਹੁੰਚੇ। ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ।






