ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿਚ ਬਾਦਲ ਪਿਤਾ-ਪੁੱਤਰ ਨੂੰ ਨਾਮਜ਼ਦ ਕਰਨ ’ਤੇ ਅਕਾਲੀ ਦਲ ਨੇ ਸਰਕਾਰ ਖਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆਂ ਮਨਘੜਤ ਦੋਸ਼ਾਂ ਵਾਲੀ ਚਾਰਜਸ਼ੀਟ ਦਾ ਲੋਕ ਅਤੇ ਕਾਨੂੰਨੀ ਕਚਹਿਰੀ ਵਿਚ ਮੁਕਾਬਲਾ ਕਰਨ ਦਾ ਐਲਾਨ ਕੀਤਾ ਹੈ।
ਅੱਜ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਲਏ ਬਗੈਰ ਕਿਹਾ ਕਿ ਜੇਕਰ ਅਤੀਤ ਵਿਚ ਵਾਪਰੀਆ ਘਟਨਾਂ ਲਈ ਉਦੋਂ ਦੇ ਅਧਿਕਾਰੀ ਜਾਂ ਰਾਜਸੀ ਆਗੂ ਜ਼ਿੰਮੇਵਾਰ ਹੋ ਸਕਦੇ ਹਨ ਤਾਂ ਉੱਘੇ ਗਾਇਕ ਸਿੱਧੂ ਮੂਸੇਵਾਲ ਦੀ ਹੱਤਿਆ ਸਮੇਤ ਕਈ ਵਾਪਰੀਆਂ ਘਟਨਾਵਾਂ ਲਈ ਵੀ ਮੌਜੂਦਾ ਗ੍ਰਹਿ ਮੰਤਰੀ ਨੂੰ ਜ਼ਿੰਮੇਵਾਰੀ ਭੁਗਤਣ ਲਈ ਤਿਆਰ ਰਹਿਣਾ ਪਵੇਗਾ।
ਅਕਾਲੀ ਆਗੂਆਂ ਨੇ ਕੋਟਕਪੁਰਾ ਪੁਲਿਸ ਗੋਲੀ ਮਾਮਲੇ ਵਿਚ ਸੁਖਬੀਰ ਬਾਦਲ ਨੂੰ ਮਾਸਟਰ ਮਾਈਂਡ ਵਜੋਂ ਪੇਸ਼ ਕੀਤੀ ਰਿਪੋਰਟ ਨੂੰ ਨਾਦਰਸ਼ਾਹੀ ਰਿਪੋਰਟ ਦੱਸਦਿਆ ਕਿਹਾ ਕਿ ਅਕਾਲੀ ਦਲ ਕਾਨੂੰਨ ਅਨੁਸਾਰ ਅਦਾਲਤ ਅਤੇ ਲੋਕਾਂ ਦੀ ਕਚਹਿਰੀ ਵਿਚ ਮੁਕਾਬਲਾ ਕਰੇਗਾ।
ਅਕਾਲੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਵੇਦਨਸ਼ੀਲ ਮਾਮਲੇ ’ਤੇ ਰਾਜਨੀਤੀ ਨਾ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਹਰ ਮੁਹਾਜ਼ ’ਤੇ ਫੇਲ੍ਹ ਹੋਈ ਸਰਕਾਰ ਨੇ ਆਪਣੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਲਈ ਗੁੰਮਰਾਹਕੁੰਨ ਚਾਰਜਸ਼ੀਟ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਦਾਲਤੀ ਮਾਣਹਾਨੀ ਸਮੇਤ ਸਾਰੇ ਵਿਕਲਪ ਵਿਚਾਰੇਗਾ ਕਿਉਂਕਿ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਰੱਦ ਕਰਨ ਵੇਲੇ ਹਾਈਕੋਰਟ ਵੱਲੋਂ ਦਿੱਤੇ ਹੁਕਮਾਂ ਦੀ ਉਲੰਘਣਾ ਹੋਈ ਹੈ। ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਖਿਲਾਫ਼ ਕੋਈ ਕੇਸ ਨਹੀਂ ਬਣਦਾ ਕਿਉਂਕਿ ਘਟਨਾਂ ਮੌਕੇ ਉਹ ਸੂਬੇ ਤੋਂ ਬਾਹਰ ਸਨ। ਉਨ੍ਹਾਂ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਐਲਕੇ ਯਾਦਵ ’ਤੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਇਕਪਾਸੜ ਹੋ ਕੇ ਕੰਮ ਕਰਨ ਦਾ ਦੋਸ਼ ਲਾਇਆ।
ਪ੍ਰੋ. ਚੰਦੂਮਾਜਰਾ, ਗਰੇਵਾਲ ਤੇ ਡਾ. ਚੀਮਾ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 28 ਫਰਵਰੀ ਤੱਕ ਚਲਾਣ ਪੇਸ਼ ਕਰਨ ਦਾ ਜਨਤਕ ਤੌਰ ’ਤੇ ਐਲਾਨ ਕੀਤਾ ਸੀ। ਇਸੇ ਤਰ੍ਹਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਹਿਬਲ ਕਲਾਂ ਵਿਖੇ ਰੋਸ ਮੁਜ਼ਾਹਰਾ ਕਰਨ ਵਾਲਿਆਂ ਨੂੰ ਚਲਾਣ ’ਚ ਸੁਖਬੀਰ ਬਾਦਲ ਦਾ ਨਾਂ ਸ਼ਾਮਲ ਕਰਨ ਦਾ ਭਰੋਸਾ ਦਿੱਤਾ ਸੀ। ਆਪ ਆਗੂਆਂ ਦੇ ਜਨਤਕ ਐਲਾਨ ਅਤੇ ਸੀਲਬੰਦ ਲਿਫਾਫੇ ਵਿਚ ਆਪਣੀਆਂ ਰਿਪੋਰਟਾਂ ਅਦਾਲਤ ਵਿਚ ਪੇਸ਼ ਨਾ ਕਰਨ ਨੂੰ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੱਸਿਆ ਹੈ।
ਆਪ ਲੀਡਰਸ਼ਿਪ ਨੂੰ ਕਿਵੇਂ ਮਿਲੀ ਸੀਲਬੰਦ ਰਿਪੋਰਟ
ਆਗੂਆਂ ਨੇ ਕਿਹਾ ਕਿ ਆਪ ਸਰਕਾਰ ਨੂੰ ਹੁਣ ਇਹ ਦੱਸਣਾ ਪਵੇਗਾ ਕਿ ਸੀਲਬੰਦ ਰਿਪੋਰਟ ਆਪ ਲੀਡਰਸ਼ਿਪ ਨੂੰ ਕਿਵੇਂ ਮਿਲੀ ਤੇ ਇਹ ਮੀਡੀਆ ਨੂੰ ਕਿਵੇਂ ਲੀਕ ਕੀਤੀ ਗਈ? ਅਕਾਲੀ ਆਗੂਆਂ ਨੇ ਰਿਪੋਰਟ ਨੂੰ ਪੰਜਾਬੀਆਂ ਨੂੰ ਗੁੰਮਰਾਹ ਕਰਨ ਤੇ ਧਿਆਨ ਵੰਡਾਉਣ ਦਾ ਯਤਨ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਸੱਤਾ ਦੀ ਦੁਰਵਰਤੋਂ ਦਾ ਜਵਾਬ ਦੇਣਾ ਪਵੇਗਾ ਕਿਉਂਕਿ ਕਾਨੂੰਨ ਵਿਵਸਥਾ ਲਾਗੂ ਕਰਨ ਅਤੇ ਅਜਨਾਲਾ ਪੁਲਿਸ ਥਾਣੇ ’ਤੇ ਹਮਲਾ ਹੋਣ ਸਮੇਤ ਹਰ ਮੁਹਾਜ਼ ’ਤੇ ਸਰਕਾਰ ਫੇਲ੍ਹ ਹੋਈ ਹੈ।






