ਪੰਜਾਬ ਵਿਧਾਨ ਸਭਾ ਵਿਚ ਆਮ ਬਜਟ ’ਤੇ ਸ਼ੁਰੂ ਹੋਈ ਬਹਿਸ ਵਿਚ ਪ੍ਰਮੁੱਖ ਵਿਰੋਧੀ ਧਿਰ ਸਰਕਾਰ ’ਤੇ ਹਮਲਾਵਰ ਰੁਖ਼ ਰੱਖਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਬਹਿਸ ਨੂੰ ਸੁਣ ਕੇ ਇਕ ਵਾਰ ਵੀ ਅਜਿਹਾ ਨਹੀਂ ਲੱਗਾ ਕਿ ਵਿਰੋਧੀ ਧਿਰ ਦੇ ਵਿਧਾਇਕ ਸਰਕਾਰ ਖਿਲਾਫ ਬਜਟ ਨੂੰ ਲੈ ਕੇ ਤਿਆਰੀ ਦੇ ਨਾਲ ਆਏ ਹਨ। ਅਜਿਹਾ ਲੱਗ ਰਿਹਾ ਸੀ ਜਿਵੇਂ ਦੋਵੇਂ ਪਾਸਿਓਂ ਫ੍ਰੈਂਡਲੀ ਮੈਚ ਚੱਲ ਰਿਹਾ ਹੋਵੇ। ਜ਼ਿਆਦਾਤਰ ਵਿਧਾਇਕ ਇਹੀ ਕਹਿੰਦੇ ਰਹੇ ਕਿ ਉਹ ਆਲੋਚਨਾ ਨਹੀਂ ਸੁਝਾਅ ਦੇਣਾ ਚਾਹੁੰਦੇ ਹਨ। ਉਧਰ, ਦੂਜੇ ਪਾਸੇ ਸੱਤਾ ਪੱਖ ਦੇ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਤੇ ਦਿਨੇਸ਼ ਚੱਢਾ ਨੇ ਕੇਂਦਰ ਸਰਕਾਰ ’ਤੇ ਕੰਮ ਕਰਨ ਵਾਲੇ ਲੋਕਾਂ ਦੇ ਪਿੱਛੇ ਈਡੀ ਲਾਉਣ ਲਈ ਭਾਜਪਾ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਦੇ ਸੁੱਖਪਾਲ ਖਹਿਰਾ ਤੇ ਭਾਜਪਾ ਦੇ ਆਗੂ ਅਸ਼ਵਨੀ ਸ਼ਰਮਾ ਨੂੰ ਛੱਡ ਦਿੱਤਾ ਜਾਵੇ ਤਾਂ ਜ਼ਿਆਦਾਤਰ ਵਿਧਾਇਕ ਬਜਟ ’ਚੋਂ ਖਾਮੀਆਂ ਕੱਢਣ ਵਿਚ ਨਾਕਾਮ ਸਾਬਿਤ ਹੋਏ। ਸੁਖਪਾਲ ਖਹਿਰਾ ਨੇ ਕਿਹਾ ਕਿ ਸਰਕਾਰ ਨੇ ਖੇਤੀ ’ਤੇ ਸਭ ਤੋਂ ਜ਼ਿਆਦਾ ਬਜਟ ਰੱਖਣ ਦਾ ਦਾਅਵਾ ਕੀਤਾ ਹੈ ਪਰ ਜੇਕਰ ਇਸ ਵਿਚੋਂ 9331 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਕੱਢ ਦਿੱਤੀ ਜਾਵੇ ਤਾਂ ਇਹ ਸਿਰਫ ਚਾਰ ਹਜ਼ਾਰ ਕਰੋੜ ਦਾ ਰਹਿ ਜਾਂਦਾ ਹੈ ਜੋ ਕੁਲ ਬਜਟ ਦਾ 2 ਫੀਸਦੀ ਹੈ। ਖਹਿਰਾ ਨੇ ਅੱਜ ਇਕ ਵਾਰ ਫਿਰ ਤੋਂ ਪਾਕਿਸਤਾਨ ਦੇ ਨਾਲ ਲਗਦੀ ਸਰਹੱਦ ਤੋਂ ਵਪਾਰ ਸ਼ੁਰੂ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਇਹ ਰੂਟ ਬੰਦ ਰੱਖਣਾ ਭਾਜਪਾ ਦੀ ਲਾਈਨ ਹੈ, ਕੀ ਇਸ ਨੂੰ ਆਪ ਨੇ ਵੀ ਅਪਣਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪੁਰਾਣਾ ਸਿਲਕ ਰੂਟ ਹੈ ਜੋ ਜ਼ਿਆਦਾਤਰ ਬਰਫ ਨਾਲ ਢੱਕਿਆ ਰਹਿੰਦਾ ਹੈ ਇਸ ਦੀ ਜ਼ਰੂਰਤ ਸਿਰਫ ਭਾਰਤ, ਅਫਰੀਕਾ ਤੇ ਬ੍ਰਾਜ਼ੀਲ ਹੀ ਪੂਰੀ ਕਰ ਸਕਦੇ ਹਨ। ਸਾਨੂੰ ਇਸ ਰੂਟ ਨੂੰ ਮੁੜ ਵਪਾਰ ਲਈ ਸ਼ੁਰੂ ਕਰਨ ਲਈ ਮੰਗ ਕਰਨੀ ਚਾਹੀਦੀ ਹੈ। ਖਹਿਰਾ ਨੇ ਕਣਕ ਤੇ ਝੋਨੇ ਲਈ ਰੱਖੀ ਜਾਣ ਵਾਲੀ ਕੈਸ਼ ਕ੍ਰੈਡਿਟ ਲਿਮਿਟ ਨੂੰ ਹੋਰ ਫਸਲਾਂ ਦੀ ਖਰੀਦ ’ਤੇ ਖਰਚ ਕਰਨ ਦੀ ਗੱਲ ਕੇਂਦਰ ਦੇ ਕੋਲ ਚੁੱਕਣ ਨੂੰ ਕਿਹਾ। ਉਨ੍ਹਾਂ ਨੇ ਮੌੜ ਬੰਬ ਧਮਾਕਾ ਆਦਿ ਨੂੰ ਲੈ ਕੇ ਵੀ ਡੇਰਾ ਸੱਚਾ ਸੌਦਾ ਦੀ ਭੂਮਿਕਾ ’ਤੇ ਸਵਾਲ ਖੜੇ੍ਹ ਕੀਤੇ। ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਪੁੱਛਿਆ ਕੀ ਗਾਰੰਟੀ ਦੇਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪੰਜਾਬ ਦੀ ਵਿੱਤੀ ਹਾਲਤ ਦੇ ਬਾਰੇ ਵਿਚ ਪਤਾ ਨਹੀਂ ਸੀ। ਉਨ੍ਹਾਂ ਨੇ ਪੁਰਾਣੀ ਪੈਨਸ਼ਨ ਸਕੀਮ ਲਈ ਬਜਟ ਵਿਚ ਕੋਈ ਵਿਵਸਥਾ ਨਾ ਕਰਨ ਲਈ ਵੀ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕੀਤੀ ਸੀ ਪਰ ਪੰਜ ਸੌ ’ਤੇ ਹੀ ਸਰਕਾਰ ਰੁਕ ਗਈ ਹੈ। ਅਸ਼ਵਨੀ ਸ਼ਰਮਾ ਨੇ ਇਹ ਵੀ ਪੁੱਛਿਆ ਕਿ ਕੇਂਦਰੀ ਯੋਜਨਾਵਾਂ ਦਾ ਪੈਸਾ ਪੰਜਾਬ ਨੂੰ ਕਿਉਂ ਨਹੀਂ ਮਿਲ ਰਿਹਾ ਹੈ, ਹਰਿਆਣਾ ਸਮੇਤ ਹੋਰ ਸੂਬਿਆਂ ਕਿਵੇਂ ਇਸ ਦਾ ਫਾਇਦਾ ਉਠਾ ਲੈਂਦੇ ਹਨ। ਸਾਨੂੰ ਇਹ ਵੀ ਸਮੀਖਿਆ ਕਰਨੀ ਚਾਹੀਦੀ ਹੈ ਕਿ ਅੰਮ੍ਰਿਤ ਯੋਜਨਾ ਦਾ ਪੈਸਾ ਇਸ ਸਾਲ ਕਿਉਂ ਨਹੀਂ ਮਿਲ ਰਿਹਾ ਹੈ। ਇਸ ’ਤੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਕੇਂਦਰ ਵੱਲੋਂ ਰੁੱਕੇ ਆਰਡੀਐੱਫ ਦੇ 3200 ਕਰੋੜਾ ਦਾ ਮਾਮਲਾ ਉਠਾਇਆ ਤਾਂ ਭਾਜਪਾ ਆਗੂ ਨੇ ਕਿਹਾ ਕਿ ਉਹ ਇਸ ਦੇ ਲਈ ਤੁਹਾਡੇ ਨਾਲ ਕੇਂਦਰੀ ਮੰਤਰੀ ਨੂੰ ਮਿਲਣ ਲਈ ਤਿਆਰ ਹਨ
ਰਾਣਾ ਗੁਰਜੀਤ ਨੇ ਸਰਕਾਰ ਤੋਂ ਨਰਸਰੀਆਂ ਨੂੰ ਰਜਿਸਟਰਡ ਕਰਨ ਨੂੰ ਕਿਹਾ ਤਾਂਕਿ ਬਾਗਬਾਨਾਂ ਨੂੰ ਗਲਤ ਬੂਟੇ ਨਾ ਦੇ ਸਕਣ। ਉਨ੍ਹਾਂ ਨੇ ਬਾਸਮਤੀ ਲਈ ਪੰਜਾਬ ਦਾ ਬਰਾਂਡ ਤਿਆਰ ਕਰਨ ਦੀ ਮੰਗ ’ਤੇ ਜ਼ੋਰ ਦਿੱਤਾ। ਨਾਲ ਹੀ ਉਨ੍ਹਾਂ ਨੇ ਸਬਜ਼ੀਆਂ ’ਤੇ ਘੱਟ ਤੋਂ ਘੱਟ ਸਮਰਥਨ ਮੁੱਲ ਦੇਣ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਜਾ ਰਹੇ ਨੌਜਵਾਨਾਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਹਰ ਸਾਲ 36 ਹਜ਼ਾਰ ਕਰੋੜ ਰੁਪਏ ਬਾਹਰ ਜਾ ਰਿਹਾ ਹੈ। ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਨੇ ਫਸਲੀ ਬੀਮਾ ਦਾ ਮੁੱਦਾ ਚੁੱਕਿਆ ਤੇ ਪੁੱਛਿਆ ਕਿ ਇਹ ਕਿਹੜੀ ਯੋਜਨਾ ਹੈ ਬਜਟ ਵਿਚ ਇਸ ਦੀ ਸਿਰਫ ਇਕ ਲਾਈਨ ਹੀ ਜ਼ਿਕਰ ਕੀਤੀ ਗਈ ਹੈ।
ਬਜਟ ਬਹਿਸ ’ਚ ਜਲੰਧਰ ਉਪ ਚੋਣਾਂ ਦਾ ਵੀ ਪਰਛਾਵਾਂ, ਡੇਰਾ ਬੱਲਾਂ ਨੂੰ 25 ਕਰੋੜ ਦੇਣ ਦੇ ਮਾਮਲੇ ’ਚ ਤਿੱਖੀ ਬਹਿਸ
ਬਜਟ ਦੌਰਾਨ ਚੱਲ ਰਹੀ ਬਹਿਸ ਵਿਚ ਜਲੰਧਰ ਉਪ ਚੋਣਾਂ ਦਾ ਪਰਛਾਵਾਂ ਵੀ ਰਿਹਾ ਜਦੋਂ ਕਾਂਗਰਸ ਦੇ ਬਿਕਰਮ ਚੌਧਰੀ ਨੇ ਕਿਹਾ ਕਿ ਸਾਡੀ ਸਰਕਾਰ ਦੇ ਦੌਰਾਨ ਡੇਰਾ ਬੱਲਾਂ ਵਿਚ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਬਣਾਉਣ ਦੀ 50 ਕਰੋੜ ਦੀ ਯੋਜਨਾ ਨੂੰ ਹਰੀ ਝੰਡੀ ਦਿੱਤੀ ਤੇ ਉਦੋਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 25 ਕਰੋੜ ਦਾ ਚੈੱਕ ਡੇਰੇ ਨੂੰ ਸੌਂਪਿਆ ਪਰ ਸੱਤਾ ਬਦਲਦੇ ਹੀ ਇਸ ਨੂੰ ਰੋਕ ਲਿਆ। ਇਸ ’ਤੇ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਟਰੱਸਟ ਦੇ ਲੋਕਾਂ ਨੇ ਦੱਸਿਆ ਕਿ ਜੋ ਚੈੱਕ ਦਿੱਤਾ ਗਿਆ ਸੀ ਉਹ ਤਾਂ ਫੇਲ੍ਹ ਹੀ ਹੋ ਗਿਆ ਹੈ। ਡਾ. ਰਾਜਕੁਮਾਰ ਚੱਬੇਵਾਲ ਨੇ ਵੀ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਦੇ ਨਾਮ ’ਤੇ ਰੱਖਣ ਦੀ ਵਕਾਲਤ ਕੀਤੀ।






