ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੂੰ ਵਿਧਾਨ ਸਭਾ ਦੇ ਨਿਯਮਾਂ ਦੇ ਉਲਟ ਸਦਨ ਵਿਚ ਪ੍ਰਵੇਸ਼ ਕਰਨ ’ਤੇ ਵਰਜਿਆ। ਹੋਇਆ ਇੰਜ ਕਿ ਸਿਫ਼ਰ ਕਾਲ ਦੌਰਾਨ ਵਿਧਾਇਕ ਕਰਮਜੀਤ ਸਿੰਘ ਬੋਲ ਰਹੇ ਸਨ ਤਾਂ ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਆਪਣੀ ਸੀਟ ’ਤੇ ਬੈਠਣ ਲਈ ਕਰਮਜੀਤ ਸਿੰਘ ਦੇ ਅੱਗਿਓਂ ਲੰਘ ਗਏ।
ਸਪੀਕਰ ਸੰਧਵਾਂ ਨੇ ਮੰਤਰੀ ਨੂੰ ਵਰਜਦਿਆਂ ਕਿਹਾ ਕਿ ਜਦੋਂ ਕੋਈ ਵੀ ਮੈਂਬਰ ਬੋਲ ਰਿਹਾ ਹੋਵੇ ਤਾਂ ਨਿਯਮਾਂ ਅਨੁਸਾਰ ਉਸ ਨੂੰ ਕ੍ਰਾਸ ਨਹੀਂ ਕੀਤਾ ਜਾ ਸਕਦਾ। ਸਪੀਕਰ ਦੀ ਤਾੜਨਾ ਨੂੰ ਦੇਖਦੇ ਹੋਏ ਅਨਮੋਲ ਗਗਨ ਮਾਨ ਨੇ ਸੌਰੀ ਮੰਗੀ। ਸਪੀਕਰ ਨੇ ਸਦਨ ਦੇ ਸਾਰੇ ਮੈਂਬਰਾਂ ਨੂੰ ਵੀ ਭਵਿੱਖ ਵਿਚ ਨਿਯਮਾਂ ਦਾ ਧਿਆਨ ਰੱਖਣ ਦੀ ਬੇਨਤੀ ਕੀਤੀ।
ਕਿਹਦਾ-ਕਿਹਦਾ ਮਾਣ ਰੱਖ’ਲਾਂ…
ਸਦਨ ਵਿਚ ਵੱਖ-ਵੱਖ ਮੁੱਦਿਆਂ ’ਤੇ ਬੋਲਣ ਲਈ ਵਿਧਾਇਕ ਆਪਣਾ ਹੱਥ ਖੜ੍ਹਾ ਕਰਦੇ ਰਹਿੰਦੇ ਹਨ। ਸਿਫ਼ਰ ਕਾਲ ਦੌਰਾਨ ਵੀ ਕਈ ਵਿਧਾਇਕਾਂ ਨੇ ਆਪਣਾ ਹੱਥ ਖੜ੍ਹਾ ਕੀਤਾ ਤਾਂ ਸਪੀਕਰ ਸੰਧਵਾਂ ਨੇ ਕਿਹਾ ਕਿ ਇਕ ਗੀਤ ਦਾ ਮੁੱਖੜਾ ਸੁਣਾਉਂਦਿਆਂ ਕਿਹਾ ਕਿ ’ਕੱਲੀ ਜਿੰਦ ਦੇ ਯਾਰ ਬਥੇਰੇ ਕਿਹਦਾ ਕਿਹਦਾ ਮਾਣ ਰੱਖ ਲਾਂ’।
ਇਸੇ ਤਰ੍ਹਾਂ ਸੰਧਵਾਂ ਨੇ ਕਿਹਾ ਕਿ ਵਿਧਾਨ ਸਭਾ ਸਕੱਤਰੇਤ ਦੇ ਮੁਲਾਜ਼ਮਾਂ ਦੇ ਕੰਮ ਵਿਚ ਅੜਿੱਕਾ ਪਾਇਆ ਜਾ ਰਿਹਾ ਹੈ। ਜੇਕਰ ਪ੍ਰੀਵਲੇਜ ਬਣਦਾ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ। ਦਰਅਸਲ ਸਦਨ ਵਿਚ ਕਾਂਗਰਸੀ ਵਿਧਾਇਕ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਤਾਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸਦਨ ਦੇ ਦਰਵਾਜ਼ੇ ਨੇੜੇ ਦਿੱਲੀ ਨਾਲ ਸਬੰਧਤ ਇਕ ਵਿਅਕਤੀ ਦੇ ਬੈਠੇ ਹੋਣ ਦੀ ਗੱਲ ਕਹੀ ਤਾਂ ਵਿਧਾਇਕਾਂ ਨੇ ਜ਼ਬਰਦਸਤ ਵਿਖਾਵਾ ਕੀਤਾ। ਜਦੋਂ ਸਾਰੇ ਵਿਧਾਇਕ ਇਕੱਠੇ ਹੋ ਕੇ ਗਏ ਤਾਂ ਉਨ੍ਹਾਂ ਭੱਜ ਗਿਆ ਦਾ ਰੌਲਾ ਪਾਇਆ। ਇਸੇ ਦੌਰਾਨ ਸਪੀਕਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਵਿਧਾਨ ਸਭਾ ਦੇ ਮੁਲਾਜ਼ਮਾਂ ਦੇ ਕੰਮ ਵਿਚ ਦਖਲਅੰਦਾਜ਼ੀ ਕਰਨ ਦੀ ਗੱਲ ਆਈ ਹੈ। ਜੇ ਇਹ ਪ੍ਰੀਵੀਲੇਜ ਦਾ ਮਾਮਲਾ ਬਣਦਾ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ।






