ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਸੂਬੇ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਤੇ ਸਿਆਸਤਦਾਨਾਂ ਨੂੰ ਅਜਿਹਾ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖੀ ਧਰਮ ਨੂੰ ਕੋਈ ਠੇਸ ਨਾ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਇਸ ਸਮੇਂ ਹਾਲਾਤ ਬਣੇ ਹੋਏ ਹਨ, ਉਹਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੇ ਸਾਰਿਆਂ ਦਾ ਇੱਕੋ ਫਰਜ਼ ਹੋਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਤੇ ਕਿਵੇਂ ਇੱਥੇ ਸਾਜ਼ਗਾਰ ਮਾਹੌਲ ਸਿਰਜਣਾ ਹੈ। ਸਾਬਕਾ ਵਿਧਾਇਕ ਖੰਨਾ ਨੇ ਅੱਗੇ ਕਿਹਾ ਕਿ ਸਿਆਸਤਦਾਨਾਂ ਨੂੰ ਵੀ ਇਹੀ ਸੁਨੇਹਾ ਹੈ ਕਿ ਸਿਆਸੀ ਲਾਹੇ ਲਈ ਕੋਈ ਬਿਆਨਬਾਜ਼ੀ ਨਾ ਕਰੋ। ਜੇ ਅੱਜ ਇੱਕਜੁਟ ਹੋ ਕੇ ਖੜਾਂਗੇ ਤਾਂ ਹੀ ਬਿਹਤਰ ਕੱਲ੍ਹ ਸਿਰਜ ਸਕਾਂਗੇ। ਅਜਿਹੇ ਮਾਹੌਲ ਵਿਚ ਸਰਕਾਰ ਅਤੇ ਪੁਲਿਸ ਜੋ ਵੀ ਕਾਰਵਾਈ ਤੇ ਹਿਦਾਇਤਾਂ ਜਾਰੀ ਕਰ ਰਹੀਆਂ ਹਨ, ਉਸ ਨੂੰ ਅਮਲ ਵਿਚ ਲਿਆਂਦੀਆਂ ਬੇਮਿਸਾਲ ਭਾਈਚਾਰਕ ਸਾਂਝ ਦਾ ਸੰਦੇਸ਼ ਪੰਜਾਬੀਆਂ ਨੂੰ ਦੇਣਾ ਚਾਹੀਦਾ ਹੈ।






