ਸੀਬੀਆਈ ਦੀ ਐਂਟੀ ਕ੍ਰਪਸ਼ਨ ਬ੍ਰਾਂਚ ਨੇ ਬੀਤੀ ਰਾਤ ਚੰਡੀਗੜ੍ਹ ਪੁਲਿਸ ਦੇ 2 ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇਸ ਵਿਚ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿਚ ਹੈੱਡ ਕਾਂਸਟੇਬਲ ਰਣਦੀਪ ਰਾਣਾ ਅਤੇ ਏਐਸਆਈ ਰਵਿੰਦਰ ਕੁਮਾਰ ਸ਼ਾਮਲ ਹਨ। ਮੁਲਜ਼ਮ ਪੁਲਿਸ ਮੁਲਾਜ਼ਮ ਸੈਕਟਰ 24 ਪੁਲਿਸ ਚੌਕੀ ਵਿਚ ਤਾਇਨਾਤ ਹਨ। ਮਾਮਲੇ ਦਾ ਸ਼ਿਕਾਇਤਕਰਤਾ ਰਣਜੀਤ ਸਿੰਘ ਵਾਸੀ ਧਨਾਸ ਹੈ। ਉਸ ਨੇ ਸੀਬੀਆਈ ਨੂੰ ਦੱਸਿਆ ਕਿ ਰਣਦੀਪ ਸਿੰਘ ਸੈਕਟਰ 24 ਦੀ ਚੌਕੀ ਵਿਚ ਕੰਮ ਕਰਦਾ ਸੀ। ਉਸ ਨੂੰ ਜਬਰ ਜਨਾਹ ਦੇ ਕੇਸ ਵਿਚ ਫਸਾਉਣ ਦੇ ਨਾਂ ‘ਤੇ ਥਾਣੇਦਾਰ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗਦਾ ਸੀ। ਇਸ ਤੋਂ ਪਹਿਲਾਂ ਰਣਦੀਪ ਥਾਣੇਦਾਰ ਨੇ 10 ਮਾਰਚ ਨੂੰ 10,000 ਰੁਪਏ ਲਏ ਸਨ। ਵ੍ਹਟਸਐਪ ਕਾਲ ਕਰ ਕੇ ਉਹ ਸ਼ਿਕਾਇਤਕਰਤਾ ‘ਤੇ ਪੁਲਿਸ ਅਧਿਕਾਰੀ ਨੂੰ ਮਿਲਣ ਲਈ ਦਬਾਅ ਪਾ ਰਿਹਾ ਸੀ। ਬਾਅਦ ਵਿਚ ਰਣਦੀਪ ਨੇ ਰਿਸ਼ਵਤ ਦੀ ਡਿਮਾਂਡ ਵਧਾ ਕੇ 1 ਲੱਖ ਰੁਪਏ ਕਰ ਦਿੱਤੀ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ 21 ਮਾਰਚ ਤੱਕ ਸਿਰਫ਼ 50,000 ਰੁਪਏ ਦਾ ਪ੍ਰਬੰਧ ਕਰ ਸਕਦਾ ਹੈ। ਇਸ ਰਿਕਾਰਡਿੰਗ ਦੇ ਆਧਾਰ ‘ਤੇ ਸੀਬੀਆਈ ਨੇ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਹੈ।






