ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਸਦਨ ਵਿਚ 3 ਬਿਲ ਪਾਸ ਹੋ ਗਏ। ਚੀਫ਼ ਵਿ੍ਹਪ ਨੂੰ ਤਨਖਾਹ ਤੇ ਭੱਤੇ ਦੇਣ ਲਈ ਦੀ ਸੈਲਰੀਜ਼ ਐਂਡ ਅਲਾਉਸਿਜ਼ ਆਫ਼ ਵਿਚ ਵਿ੍ਹਪ ਇਨ ਪੰਜਾਬ ਲੈਜਿਸਲੇਟਿਵ ਅਸੈਂਬਲੀ ਸਰਬਸੰਮਤੀ ਨਾਲ ਪਾਸ ਹੋ ਗਿਆ ਜਦਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਘਟਾਉਣ, ਸੀਨੀਅਰ ਵਾਈਸ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਅਸਾਮੀ ਖ਼ਤਮ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ (ਸੋਧ) ਬਿਲ 2023 ਦਾ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਤੇ ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਵਿਰੋਧ ਕੀਤਾ।
ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ (ਸੋਧ) ਬਿਲ 2023 ਪੇਸ਼ ਕੀਤਾ। ਸੋਧ ਬਿਲ ਪਾਸ ਹੋਣ ਨਾਲ ਹੁਣ ਚੇਅਰਪਰਸਨ ਤੇ ਮੈਂਬਰਾਂ ਦਾ ਕਾਰਜਕਾਲ 3 ਸਾਲ ਹੋਵੇਗਾ। ਜਿਹੜੇ ਮੈਂਬਰ ਦੀ ਕਾਰਗੁਜ਼ਾਰੀ ਚੰਗੀ ਹੋਵੇਗੀ, ਉਸ ਦੀ ਮਿਆਦ ਦੋ ਸਾਲ ਵਧਾਈ ਜਾ ਸਕੇਗੀ। ਚੇਅਰਪਰਸਨ ਤੇ ਮੈਂਬਰ ਦੀ ਉਮਰ 65 ਸਾਲ ਨਿਰਧਾਰਤ ਕੀਤੀ ਗਈ ਹੈ। ਸਰਕਾਰ ਨੇ ਇਹ ਫ਼ੈਸਲਾ ਖਰਚਾ ਘਟਾਉਣ ਦੇ ਮੰਤਵ ਵਜੋਂ ਲਿਆ ਹੈ। ਵਿਭਾਗ ਦੇ ਮੰਤਰੀ ਡਾ. ਬਲਜੀਤ ਨੇ ਕਿਹਾ ਕਿ ਮੈਂਬਰਾਂ ਦੀ ਗਿਣਤੀ ਘਟਾਉਣ ਨਾਲ ਕਿਸੇ ਕਮਿਸ਼ਨ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ, ਦਰਅਸਲ, ਕਮਿਸ਼ਨ ਦੇ ਮੈਬਰਾਂ ਦੀ ਵਚਨਬੱਧਤਾ ਮਾਇਨੇ ਰੱਖਦੀ ਹੁੰਦੀ ਹੈ।
ਸਦਨ ਵਿਚ ਦੀ ਸੈਲਰੀਜ਼ ਐਂਡ ਅਲਾਉਸਿਜ਼ ਆਫ ਚੀਫ ਵਿ੍ਹਪ ਇਨ ਪੰਜਾਬ ਲੈਜਿਸਲੇਟਿਵ ਐਸੰਬਲੀ 2023-ਸਰਬ ਸੰਮਤੀ ਨਾਲ ਪਾਸ ਹੋ ਗਿਆ। ਚੀਫ਼ ਵਿ੍ਹਪ ਨੂੰ ਤਨਖਾਹ, ਭੱਤੇ ਤੇ ਕੈਬਨਿਟ ਮੰਤਰੀ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਬਿਲ ਪਾਸ ਹੋਣ ਨਾਲ ਆਪ ਦੀ ਚੀਫ਼ ਵਿ੍ਹਪ ਪ੍ਰੋ. ਬਲਜਿੰਦਰ ਕੌਰ ਨੂੰ ਤਨਖਾਹ, ਭੱਤੇ, ਸਰਕਾਰੀ ਕੋਠੀ, ਸਰਕਾਰੀ ਕਾਰ ਦੀ ਸਹੂਲਤ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਅਕਾਲੀ ਵਿਧਾਇਕ ਡਾ. ਸੁੱਖੀ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਚੀਫ਼ ਵਿ੍ਹਪ ਜਾਂ ਵਿ੍ਹਪ ਤਾਂ ਦੂਜੀਆਂ ਪਾਰਟੀਆਂ ਦੇ ਵੀ ਹੁੰਦੇ ਹਨ, ਕੀ ਉਨ੍ਹਾਂ ਨੂੰ ਵੀ ਭੱਤਿਆਂ-ਤਨਖਾਹਾਂ ਦਾ ਲਾਭ ਮਿਲੇਗਾ।
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਖੇਤੀਬਾੜੀ ਉਤਪਾਦ ਮੰਡੀਆਂ (ਤਰਮੀਮ) ਬਿਲ 2023 ਪੇਸ਼ ਕੀਤਾ। ਮੰਤਰੀ ਨੇ ਪੇਸ਼ ਕੀਤੇ ਬਿੱਲ ਵਿਚ ਦੱਸਿਆ ਕਿ ਵਾਈਸ ਚੇਅਰਮੈਨ ਤੇ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕਰਨ ਲਈ ਕ੍ਰਮਵਾਰ 2010 ਤੇ 2016 ਵਿਚ ਫੈਸਲਾ ਲਿਆ ਗਿਆ ਸੀ ਪਰ ਇਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਸ਼ਕਤੀ ਨਹੀ ਸੀ। ਪਾਸ ਕੀਤੇ ਸੋਧੇ ਬਿਲ ਨਾਲ ਮੰਡੀ ਬੋਰਡ ਵਿਚ ਸੀਨੀਅਰ ਵਾਈਸ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਪੋਸਟ ਖ਼ਤਮ ਕਰ ਦਿੱਤੀ ਗਈ ਹੈ।
ਪੀਏ ਤੇ ਡਰਾਈਵਰਾਂ ਦੀ ਤਨਖ਼ਾਹ ਵਧਾਉਣ ਦਾ ਮੁੱਦਾ ਉੱਠਿਆ
ਸਿਫ਼ਰ ਕਾਲ ਦੌਰਾਨ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਤੇ ਬਿਲਾਂ ’ਤੇ ਬਹਿਸ ਦੌਰਾਨ ਡਾ. ਸੁਖਵਿੰਦਰ ਸੁੱਖੀ ਨੇ ਵਿਧਾਇਕਾਂ ਦੇ ਪੀਏ ਅਤੇ ਡਰਾਈਵਰਾਂ ਦੀ ਤਨਖ਼ਾਹ ਵਧਾਉਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਦੌਰ ਵਿਚ ਘੱਟ ਤਨਖ਼ਾਹ ਨਾਲ ਗੁਜ਼ਾਰਾ ਹੋਣਾ ਮੁਸ਼ਕਲ ਹੈ। ਡਾ. ਸੁੱਖੀ ਨੇ ਦਲੀਲ ਦਿੱਤੀ ਕਿ ਵਿਧਾਇਕ ਨੂੰ ਖੁਸ਼ੀ-ਗਮੀ ਦੇ ਵੱਖ ਵੱਖ ਸਮਾਗਮਾਂ ’ਚ ਜਾਣਾ ਪੈਂਦਾ ਤੇ ਸ਼ਗਨ ਵੀ ਦੇਣਾ ਪੈਂਦਾ ਹੈ, ਵਿਧਾਇਕਾਂ ਦੀ ਤਨਖ਼ਾਹ ਵਧਾਉਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਡਰਾਈਵਰਾਂ ਤੇ ਪੀਏ ਦੀ ਤਨਖ਼ਾਹ ਵਧਾਉਣ ਲਈ ਸਪੀਕਰ ਨੂੰ ਵਿਧਾਨ ਸਭਾ ਦੀ ਕਮੇਟੀ ਬਣਾਉਣ ਦੀ ਬੇਨਤੀ ਕੀਤੀ ਤਾਂ ਜੋ ਇਸ ਬਾਰੇ ਫੈਸਲਾ ਲਿਆ ਜਾ ਸਕੇ।






