ਚੋਰਾਂ ਵੱਲੋਂ ਐਤਵਾਰ ਤੜਕਸਾਰ ਤਿੰਨ-ਚਾਰ ਵਜੇ ਦੇ ਕਰੀਬ ਪੰਜ ਆੜ੍ਹਤੀਆਂ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਸਭ ਤੋਂ ਵੱਧ ਸੇਫ਼ ਮੰਨੀਆਂ ਜਾਂਦੀਆਂ ਤਿਜੋਰੀਆਂ ਤੋੜ ਲਏ ਕਾਰਨ ਪੂਰੇ ਸ਼ਹਿਰ ਵਿੱਚ ਤਰਥੱਲੀ ਮੱਚ ਗਈ ਹੈ। ਜਾਣਕਾਰੀ ਅਨੁਸਾਰ ਆੜ੍ਹਤੀ ਰੋਮਪਾਲ ਸੰਜੇ ਕੁਮਾਰ, ਮੇਘਰਾਜ ਰੋਸ਼ਨ ਲਾਲ, ਬਿਰਜ ਲਾਲ ਜਗਨ ਨਾਥ ਤੋਂ ਇਲਾਵਾ ਦੋ ਤਿੰਨ ਦੁਕਾਨਾਂ ਦੇ ਹੋਰ ਜਿੰਦੇ ਤੋੜ ਲਏ ਗਏ ਹਨ। ਇਸ ਸਮੇਂ ਪੀੜਤ ਦੁਕਾਨਦਾਰਾਂ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਿਧਾਇਕ ਵਰਿੰਦਰ ਗੋਇਲ ਦੇ ਭਰਾ ਜੀਵਨ ਕੁਮਾਰ ਰੱਬੜ ਨੇ ਇਸਨੂੰ ਮੰਦਭਾਗੀ ਘਟਨਾ ਦੱਸਦਿਆਂ ਕਿਹਾ ਕਿ ਜੇਕਰ ਆੜ੍ਹਤ ਦੀਆਂ ਦੁਕਾਨਾਂ ‘ਚ ਰੱਖੀਆਂ ਸੇਫਾਂ ਹੀ ਤੋੜ ਲਈਆਂ ਤਾਂ ਬਾਕੀ ਕੁਝ ਵੀ ਸੁਰੱਖਿਅਤ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਇਹ ਪੁਲਿਸ ਦੀ ਅਣਗਿਲੀ ਹੈ ਜੋ 12 ਵਜੇ ਤਕ ਹੀ ਗਸ਼ਤ ਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਨੁਕਸਾਨ ਬੇਸ਼ਕ ਹਜ਼ਾਰਾਂ ‘ਚ ਹੈ…ਪ੍ਰੰਤੂ ਹੈ ਚਿੰਤਾ ਦਾ ਵਿਸ਼ਾ।
ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਅਤੇ ਰੋਮਪਾਲ ਨੇ ਦੱਸਿਆ ਕਿ ਸਵੇਰੇ ਪੌਣੇ ਤਿੰਨ ਵਜੇ ਦੇ ਕਰੀਬ ਇੱਕ ਸਿਲਵਰ ਰੰਗ ਦੀ ਸਵਿਫਟ ਡਿਜ਼ਾਇਰ ਆਈ ਹੈ ਜਿਨ੍ਹਾਂ ਵਿਚ ਸਵਾਰ ਵਿਅਕਤੀ ਜੋ ਰਾਡਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਨ, ਨੇ ਹੀ ਇਨ੍ਹਾਂ ਚੋਰੀਆਂ ਨੂੰ ਅੰਜਾਮ ਦਿੱਤਾ ਹੈ। ਵਿਧਾਇਕ ਵਰਿੰਦਰ ਗੋਇਲ ਦੇ ਸਪੁੱਤਰ ਐਡਵੋਕੇਟ ਗੌਰਵ ਗੋਇਲ ਨੇ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਮੁਸਤੈਦੀ ਨਾਲ ਚੋਰਾਂ ਵਾਰੇ ਜਲਦੀ ਪਤਾ ਲਾਇਆ ਜਾਵੇ ਤਾਂ ਜੋ ਦੁਕਾਨਦਾਰਾਂ ਦੇ ਮਨਾਂ ‘ਚੋਂ ਡਰ ਦੂਰ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਐਮਐਲਏ ਗੋਇਲ ਨੂੰ ਥਾਣੇ ਵਿੱਚ ਪੁਲਿਸ ਨਫ਼ਰੀ ਵੀ ਵਧਾਉਣ ਲਈ ਵੀ ਬੇਨਤੀ ਕੀਤੀ ਜਾਵੇਗੀ I
ਇਸ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਅਤੇ ਚੌਕੀ ਇੰਚਾਰਜ ਸਬ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਚਾਰਜ ਲਏ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਹੈ। ਅਸੀਂ ਪੂਰੀ ਤਰ੍ਹਾਂ ਗਸ਼ਤ ਕਰ ਰਹੇ ਹਾਂ, ਬੇਸ਼ਕ ਇਹ ਪਹਿਲੀ ਚੋਰੀ ਹੈ ਪਰੰਤੂ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਪਤਾ ਲਗਾ ਕੇ ਜਲਦ ਹੀ ਚੋਰਾਂ ਨੂੰ ਸਲਾਖਾਂ ਪਿੱਛੇ ਤੁੰਨਿਆ ਜਾਵੇਗਾ ਤੇ ਅੱਗੇ ਤੋਂ ਗਸ਼ਤ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਇਸ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਸੀਸੀਟੀਵੀ ਕੈਮਰੇ ਲਵਾਉਣ ਤੇ ਕਟਹਿਰੇ ਮੁਤਾਬਿਕ ਚੌਂਕੀਦਾਰ ਵੀ ਰੱਖਣ।






