ਦਾਣਾ ਮੰਡੀ ਲਾਲੜੂ ਸਮੇਤ ਇਸ ਦੀਆਂ ਸਹਾਇਕ ਮੰਡੀਆਂ ਵਿਚ ਅੱਜ ਤੋਂ ਝੋਨੇ ਦੀ ਆਮਦ ਦੀ ਸ਼ੁਰੂਆਤ ਹੋਈ, ਪਰ ਦੇਰ ਸ਼ਾਮ ਖਬਰ ਲਿਖੇ ਜਾਣ ਤੱਕ ਝੋਨੇ ਦੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ ਅਤੇ ਝੋਨਾ ਲੈ ਕੇ ਆਏ ਕਿਸਾਨ ਵਾਰ-ਵਾਰ ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਦੇ ਚੱਕਰ ਕੱਟਦੇ ਦੇਖੇ ਗਏ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਝੋਨੇ ਦੀ ਫਸਲ ਦੀ ਫ਼ਸਲ ਦੀ ਖਰੀਦ ਦਾ ਅੱਜ ਪਹਿਲਾ ਦਿਨ ਸੀ ਅਤੇ ਅੱਜ ਕਈਂ ਕਿਸਾਨ ਝੋਨੇ ਦੀ ਫਸਲ ਲੈ ਕੇ ਦਾਣਾ ਮੰਡੀ ਲਾਲੜੂ ਸਮੇਤ ਇਸ ਦੀਆਂ ਸਹਾਇਕ ਮੰਡੀਆਂ ਤਸਿੰਬਲੀ ਅਤੇ ਜੜੌਤ ਮੰਡੀ ਵਿਚ ਪੁੱਜੇ ਹੋਏ ਸਨ, ਜਦਕਿ ਦਾਣਾ ਮੰਡੀ ਟਿਵਾਣਾ ਵਿਚ ਹਾਲੇ ਝੋਨੇ ਦੀ ਆਮਦ ਸ਼ੁਰੂ ਨਹੀਂ ਹੋਈ। ਮੰਡੀ ਸੁਪਰਵਾਇਜਰ ਜਗਦੀਪ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਲਾਲੜੂ ਸਮੇਤ ਇਸ ਦੀਆਂ ਸਹਾਇਕ ਮੰਡੀਆਂ ਵਿਚ ਕਰੀਬ 1500 ਹਜ਼ਾਰ ਕੁਇੰਟਲ ਦੇ ਕਰੀਬ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਜਦੋਂ ਖਰੀਦ ਸਬੰਧੀ ਪੁੱਿਛਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਅੱਜ ਝੋਨੇ ਦੀ ਖਰੀਦ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ, ਜਦੋਂ ਵੀ ਉੱਚ ਅਧਿਕਾਰੀਆਂ ਤੋਂ ਖਰੀਦ ਦਾ ਕਾਲ ਆਉਂਦੀ ਹੈ ਤਾਂ ਉਹ ਉਸੇ ਸਮੇਂ ਖਰੀਦ ਸ਼ੁਰੂ ਕਰਵਾ ਦੇਣਗੇ। ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਲਾਲੜੂ ਵਿਚ 9 ਹਜ਼ਾਰ ਕੁਇੰਟਲ, ਤਸਿੰਬਲੀ ਵਿਚ 4 ਹਜ਼ਾਰ ਕੁਇੰਟਲ ਤੇ ਦਾਣਾ ਮੰਡੀ ਜੜੋਤ ਵਿਚ 2 ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਲਾਲੜੂ ਵਿੱਚ ਮਾਰਕਫੈਡ, ਵੇਅਰਹਾਊਸ਼ ਅਤੇ ਪਨਗਰੇਨ ਖਰੀਦ ਏਜੰਸੀ ਝੋਨੇ ਦੀ ਖਰੀਦ ਕਰਨਗੀਆਂ।
ਮਾਰਕੀਟ ਕਮੇਟੀ ਲਾਲੜੂ ਦੇ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਲਾਲੜੂ ਸਮੇਤ ਇਸ ਦੀਆਂ ਸਹਾਇਕ ਮੰਡੀਆਂ ਜੜੌਤ, ਤਸਿੰਬਲੀ ਅਤੇ ਟਿਵਾਣਾ ਵਿਚ ਖਰੀਦ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਫਸਲ ਦੀ ਖਰੀਦ ਜਲਦ ਹੋ ਸਕੇ। ਝੋਨਾ ਲੈ ਕੇ ਆਏ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।






