ਥਾਣਾ ਸਿਵਿਲ ਲਾਈਨ ਅਧੀਨ ਆਉਂਦੇ ਖੇਤਰ ਆਨੰਦ ਐਵੇਨਿਊ ਤੇ ਟੇਲਰ ਰੋਡ ’ਤੇ ਬਾਈਕ ਸਵਾਰ ਲੁਟੇਰਿਆਂ ਨੇ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਸ ਵਿਚ ਇਕ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦਕਿ ਇਕ ਘਟਨਾ ਵਿਚ ਨੌਜਵਾਨ ਨੂੰ ਗੋਲ਼ੀ ਮਾਰ ਕੇ ਉਸ ਨੂੰ ਜ਼ਖ਼ਮੀ ਕੀਤਾ ਤੇ ਉਸ ਤੋਂ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ।
ਇਹ ਦੋਵੇਂ ਵਾਰਦਾਤਾਂ ਸ਼ੁੱਕਰਵਾਰ ਰਾਤ 11.30 ਵਜੇ ਤੋਂ 12 ਵਜੇ ਦੇ ਆਲੇ-ਦੁਆਲੇ ਹੋਈਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਏਡੀਸੀਪੀ-ਦੋ ਪ੍ਰਭਜੋਤ ਸਿੰਘ ਵਿਰਕ, ਏਸੀਪੀ ਉੱਤਰੀ ਵਰਿੰਦਰ ਖੋਸਾ ਤੇ ਥਾਣਾ ਸਿਵਿਲ ਲਾਈਨ ਦੀ ਇੰਚਾਰਜ ਖ਼ੁਸ਼ਬੂ ਸ਼ਰਮਾ ਮੌਕੇ ’ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਸਿਵਿਲ ਲਾਈਨ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੁਟੇਰਿਆਂ ਦੀ ਪਛਾਣ ਕਰਨ ਲਈ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ। ਪੁਲਿਸ ਹੱਥ ਲੱਗੇ ਸੀਸੀਟੀਵੀ ਫੁਟੇਜ ’ਚ ਲੁਟੇਰੇ ਵਾਰਦਾਤਾ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ। ਜਿੱਥੇ ਦੋਵੇਂ ਵਾਰਦਾਤਾਂ ਹੋਈਆਂ, ਉਨ੍ਹਾਂ ਦੋਵਾਂ ਖੇਤਰਾਂ ਵਿਚ ਲਗਪਗ ਤਿੰਨ ਕਿੱਲੋਮੀਟਰ ਦਾ ਫ਼ਾਸਲਾ ਹੈ। ਲਗਪਗ ਇਕ ਘੰਟੇ ਵਿਚ ਹੀ ਦੋ ਵਾਰਦਾਤਾਂ ਹੋਣ ਨਾਲ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਹ ਘਟਨਾਵਾਂ ਉਸ ਸਮੇਂ ਹੋਈਆਂ ਜਦ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ’ਤੇ ਸ਼ਹਿਰ ਵਿਚ ਸੁਰੱਖਿਆ ਵਿਵਸਥਾ ਦਾ ਦਾਅਵਾ ਕੀਤਾ ਜਾ ਰਿਹਾ ਹੈ। ਫ਼ਿਲਹਾਲ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦ ਹੀ ਲੁਟੇਰੇ ਫੜੇ ਜਾਣਗੇ। ਮਿ੍ਰਤਕ ਨੌਜਵਾਨ ਦੀ ਪਛਾਣ ਰਾਜੇਸ਼ ਕੁਮਾਰ ਨਿਵਾਸੀ ਰਾਮ ਨਗਰ ਕਾਲੋਨੀ ਗੁਰੂ ਨਾਨਕ ਪੁਰਾ ਦੇ ਰੂਪ ਵਿਚ ਹੋਈ ਹੈ। ਮਿ੍ਰਤਕ ਜਾਗਰਣ ਭਜਨ ਮੰਡਲੀ ਵਿਚ ਕੰਮ ਕਰਦਾ ਹੈ ਤੇ ਉਹ ਆਪਣੇ ਸਾਥੀ ਨਾਲ ਕਿਸੇ ਦੂਜੇ ਪ੍ਰੋਗਰਾਮ ਵਿਚ ਕੀਰਤਨ ਕਰਨ ਲਈ ਜਾ ਰਿਹਾ ਸੀ। ਇਸ ਤਰ੍ਹਾਂ ਜ਼ਖ਼ਮੀ ਨੌਜਵਾਨ ਹੀ ਪਛਾਣ ਗੌਰਵ ਅਰੋੜਾ ਨਿਵਾਸੀ ਮਾਹਨ ਸਿੰਘ ਗੇਟ ਦੇ ਰੂਪ ਵਿਚ ਹੋਈ ਹੈ। ਗੌਰਵ ਕੱਪੜੇ ਦਾ ਕਾਰੋਬਾਰ ਕਰਦਾ ਹੈ ਤੇ ਇਕ ਪਾਰਟੀ ਸਮਾਗਮ ਵਿਚ ਹਿੱਸਾ ਲੈ ਕੇ ਘਰ ਮੁੜ ਰਿਹਾ ਸੀ।






