ਵੁਹ ਜਾ ਰਹਾ ਹੈ ਕੋਈ
ਸ਼ਬੇ ਗ਼ਮ ਗੁਜ਼ਾਰ ਕੇ
ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਵਾਰਿਸ ਅਤੇ ਰਿਆਸਤ ਮਾਲੇਰਕੋਟਲਾ ਦੇ ਆਖ਼ਰੀ ਨਵਾਬ ਮੁਹੰਮਦ ਇਫ਼ਤਿਖ਼ਾਰ ਅਲੀ ਅਹਿਮਦ ਖ਼ਾਨ ਦੀ ਆਖ਼ਰੀ ਬੇਗ਼ਮ ਮੁਨੱਵਰ ਉਲ ਨਿਸਾ ਨੇ ਅੱਜ ਮੁਬਾਰਕ ਮੰਜ਼ਿਲ ਵਿੱਚ ਆਖ਼ਰੀ ਸੁਆਸ ਲਏ ਅਤੇ ਰਿਆਸਤ ਮਾਲੇਰਕੋਟਲਾ ਦੀ ਆਖ਼ਰੀ ਨਿਸ਼ਾਨੀ ਵੀ ਮਣਾਂ-ਮੂੰਹੀ ਮਿੱਟੀ ਹੇਠਾਂ ਦਫ਼ਨ ਹੋ ਕੇ ਰਹਿ ਗਈ।
ਰੁਖ਼ਸਤ ਹੂਈ ਤੋ ਆਂਖ ਮਿਲਾ
ਕਰ ਨਹੀਂ ਗਈ।
ਵੁਹ ਕਿਉ ਗਈ ਹੈ ਯਹ ਭੀ
ਬਤਾ ਕਰ ਨਹੀਂ ਗਈ।
ਬੇਗ਼ਮ ਮੁਨੱਵਰ ਉਲ ਨਿਸਾ ਇਸ ਰਿਆਸਤ ਦੀ ਅੰਤਿਮ ਨਿਸ਼ਾਨੀ ਸਨ ਅਤੇ 103 ਸਾਲ ਦੀ ਉਮਰ ਵਿੱਚ ਆਖ਼ਰ ਇਸ ਦੌਰ ਦਾ ਅੰਤ ਹੋ ਗਿਆ। ਟੌਂਕ ਰਿਆਸਤ ਦੇ ਪਰਿਵਾਰ ’ਚੋਂ ਇਹ ਸ਼ਹਿਜ਼ਾਦੀ 1950 ਦੇ ਕਰੀਬ ਵਿਆਹ ਕੇ ਇੱਥੇ ਮਾਲੇਰਕੋਟਲਾ ਆਏ। ਰਿਆਸਤ ਦੇ ਆਖ਼ਰੀ ਨਵਾਬ ਇਫ਼ਤਿਖ਼ਾਰ ਅਲੀ ਅਹਿਮਦ ਖ਼ਾਨ ਦੀਆਂ ਪੰਜ ਬੇਗ਼ਮਾਂ ’ਚੋਂ ਇਹ ਚੌਥੇ ਨੰਬਰ ਵਾਲੀ ਬੇਗਮ ਸਨ ਅਤੇ ਬੇਗ਼ਮ ਯੂਸੁਫ਼ ਜ਼ਮਾਂ ਅਤੇ ਬੇਗ਼ਮ ਸਾਜਿਦਾ ਵਾਂਗ ਇਨ੍ਹਾਂ ਦੀ ਸਿਆਸਤ ਵਿੱਚ ਵੀ ਕੋਈ ਰੁਚੀ ਨਹੀਂ ਸੀ। ਪਰ ਆਪਣੀਆਂ ਕਲਾਤਮਕ ਭਾਵਨਾਵਾਂ ਅਤੇ ਸਮਾਜੀ ਰਹੁ ਰੀਤਾਂ ਨੂੰ ਨਿਭਾਉਣ ਵਾਲੀ ਇਹ ਬੇਗ਼ਮ ਆਪਣੇ ਸਮੇਂ ਦੀ ਅਤਿ ਸੁੰਦਰ ਬੇਗ਼ਮ ਸਨ। ਜਿਸ ਨੂੰ ਰਿਆਸਤ ਦੇ ਲੋਕ ਬਹੁਤ ਪਿਆਰ ਕਰਦੇ ਸਨ। ਇਸ ਨੂੰ ਵੇਖਣ ਤੇ ਮਿਲਣ ਲਈ ਸ਼ਹਿਰ ਦੀਆਂ ਔਰਤਾਂ ਉਤਾਵਲੀਆਂ ਰਹਿੰਦੀਆਂ ਸਨ। ਆਪਣੇ ਸਮੇਂ ਦੀ ਅਤਿ ਖ਼ੂਬਸੂਰਤ ਬੇਗ਼ਮ ਆਖ਼ਰੀ ਉਮਰ ਵਿੱਚ ਸੇਵਾ ਲਈ ਆਪਣੇ ਸੇਵਾਦਰਾਂ ’ਤੇ ਹੀ ਨਿਰਭਰ ਕਰਦੇ ਸਨ। ਬੇਗ਼ਮ ਸਾਹਿਬ ਆਖ਼ਰੀ ਉਮਰ ਵਿੱਚ ਕੁਝ ਜ਼ਿਆਦਾ ਬੋਲਚਾਲ ਨਹੀਂ ਸਕਦੇ ਸਨ ਪਰ ਉਨ੍ਹਾਂ ਦੀ ਮਿੱਠੜੀ ਜਿਹੀ ਮੁਸਕਾਨ ਕਈਆਂ ਦੇ ਦਿਲਾਂ ਨੂੰ ਮੋਹ-ਮੁਹੱਬਤ ਦੀਆਂ ਰਮਜ਼ਾਂ ਸਮਝਾਉਦੀ ਨਜ਼ਰ ਆਉਦੀ ਸੀ। ਇਸ ਲੇਖਕ ਨੇ ਕੁਝ ਸਮਾਂ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਕੁਝ ਜਾਣਨਾ ਚਾਹਿਆ ਸੀ ਪਰ ਉਨ੍ਹਾਂ ਦਾ ਬੋਲਿਆ ਕੁਝ ਸਮਝ ਨਾ ਆਉਣ ਕਰਕੇ ਦਸਤਾਵੇਜ਼ੀ ਗੱਲਬਾਤ ਅੱਜ ਇਤਿਹਾਸ ਦਾ ਹਿੱਸਾ ਨਾ ਬਣ ਸਕੀ। ਕਿਸੇ ਸ਼ਾਇਰ ਦੇ ਆਖਣ ਅਨੁਸਾਰ :
ਏਕ ਲਮਹੇ ਮੇਂ ਸਿਮਟ
ਆਇਆ ਹੈ ਸਦੀਓਂ ਕਾ ਸਫ਼ਰ,
ਜ਼ਿੰਦਗੀ ਤੇਜ਼ ਬਹੁਤ ਤੇਜ਼
ਚਲੀ ਹੋ ਜੈਸੇ
ਪਟਿਆਲਾ ਰਿਆਸਤ ਨਾਲ ਮਾਲੇਰਕੋਟਲਾ ਰਿਆਸਤ ਦੇ ਸਬੰਧ ਸਕੇ-ਸਬੰਧੀਆਂ ਵਾਲੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਸਮੇਂ ਮਾਲੇਰਕੋਟੇਲਾ ਨਾਲ ਆਪਣੇ ਨੇੜਲੇ ਸਬੰਧਾਂ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਕਿ ਮੈਂ ਛੋਟਾ ਹੁੰਦਾ ਮੁਬਾਰਕ ਮੰਜ਼ਿਲ ਵਿੱਚ ਖੇਡਦਾ ਰਿਹਾ ਹਾਂ। ਜੂਨ 2021 ਵਿੱਚ ਜਦੋਂ ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਐਲਾਨਿਆ ਗਿਆ ਸੀ ਤਾਂ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸ਼ਾਹੀ ਪਰਿਵਾਰ ਦਾ ਖ਼ਾਸ ਜ਼ਿਕਰ ਕੀਤਾ ਸੀ ਅਤੇ ਬੇਗ਼ਮ ਸਾਹਿਬਾ ਨੂੰ ਉਹ ਹਮੇਸ਼ਾ ‘ਚਾਚੀ-ਬੇਗ਼ਮ’ ਨਾਲ ਹੀ ਚੇਤੇ ਕਰਦੇ ਹਨ। ਰਿਆਸਤ ਮਾਲੇਰਕੋਟਲਾ ਦੀ ਆਖ਼ਰੀ ਬੇਗ਼ਮ ਹੋਣ ਦੇ ਨਾਤੇ ਜੇ ਬੇਗਮ ਮੁਨੱਵਰ ਉਲ ਨਿਸਾ ਨੂੰ ‘ਮਾਦਰੇ ਮਾਲੇਰਕੋਟਲਾ’ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਜਾਣੇ ਅਣਜਾਣੇ ਵਿੱਚ ਸ਼ਹਿਰ ਦੇ ਲੋਕਾਂ ਦਾ ਜੋ ਰੁਝਾਨ ਮੁਬਾਰਕ ਮੰਜ਼ਿਲ ਵੱਲ ਜਾਂਦਾ ਸੀ ਹੁਣ ਉਹ ਵੀ ਕਿਸੇ ਇਤਿਹਾਸ ਦਾ ਹਿੱਸਾ ਬਣ ਕੇ ਰਹਿ ਜਾਵੇਗਾ। ਇਸ ਇਤਿਹਾਸ ਨੂੰ ਜੀਵਿਤ ਰੱਖਣ ਲਈ ਜ਼ਰੂਰਤ ਹੈ ਕਿ ਇਨ੍ਹਾਂ ਇਤਿਹਾਸਕ ਥਾਵਾਂ ਨੂੰ ਯਾਦਗਾਰੀ ਸਮਾਰਕਾਂ ਵਿੱਚ ਬਦਲਿਆ ਜਾਵੇ। ਅਜਿਹਾ ਕਾਰਜ ਤਾਂ ਸਮੇਂ ਦੀਆਂ ਸਰਕਾਰਾਂ ਹੀ ਕਰ ਸਕਦੀਆਂ ਹਨ।
ਬੇਗ਼ਮ ਸਾਹਿਬਾ ਧੁਰ ਜਹਾਨਾਂ ਵੱਲ ਤੁਰ ਗਈ ਹੈ, ਕੋਈ ਵਾਰਿਸ ਨਹੀਂ ਬਚਿਆ, ਹੁਣ ਕੀ ਹੋਵੇਗਾ? ਵਿਰਾਸਤ ਦਾ ਕੀ ਬਣੇਗਾ? ਰਿਆਸਤ ਦਾ ਨਵਾਂ ਇਤਿਹਾਸ ਕੀ ਹੋਵੇਗਾ? ਇਹੋ ਜਿਹੇ ਕਈ ਸਵਾਲ ਜ਼ਰੂਰ ਲੋਕਾਂ ਦੇ ਜ਼ਿਹਨਾਂ ਵਿੱਚ ਉਪਜਦੇ ਰਹਿਣਗੇ। ਲੋਕੀਂ ਆਏ ਜਨਾਜ਼ਾ ਪੜ੍ਹਿਆ, ਸਲਾਮੀ ਹੋਈ ਅਤੇ ਸ਼ਾਹੀ ਮਕਬਰਿਆਂ ਵਿੱਚ ਆਖ਼ਰੀ ਨਵਾਬ ਦੀ ਕਬਰ ਦੇ ਦੂਜੀ ਸਾਇਡ ਉਨ੍ਹਾਂ ਨੂੰ ਦਫ਼ਨ ਕਰ ਦਿੱਤਾ ਗਿਆ। ਇਹੋ ਹੀ ਇਕ ਸੱਚਾਈ ਹੈ :
ਲੋਹ ਜੋਕ ਦਰ ਜੋਕ ਚਲੇ ਜਾਤੇ ਹੈਂ/
ਨਹੀਂ ਮਾਲੂਮ ਤਹਿ ਖ਼ਾਕ
ਤਮਾਸ਼ਾ ਕਿਆ ਹੈ।






