ਗੁਰੂਘਰਾਂ ਖਿਲਾਫ ਵਿਵਾਦਤ ਟਿੱਪਣੀ ਕਰਨ ਨੂੰ ਲੈ ਕੇ ਬੀਜੇਪੀ ਨੇ ਐਕਸ਼ਨ ਲੈਂਦੇ ਹੋਏ ਭਾਜਪਾ ਆਗੂ ਸੰਦੀਪ ਦਾਇਮਾ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ।

ਜਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਜਸਥਾਨ ਦੇ ਬੀਜੇਪੀ ਆਗੂ ਸੰਦੀਪ ਦਾਮਿਆ ਵੱਲੋਂ ਦੇਸ਼ ਦੀਆਂ ਮਸਜਿਦਾਂ ਅਤੇ ਗੁਰਦੁਆਰਿਆਂ ਬਾਰੇ ਨਫ਼ਰਤ ਭਰੀ ਟਿੱਪਣੀ ਕਰਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਮਿਆ ਵਰਗੇ ਲੋਕਾਂ, ਜੋ ਬੇਬੁਨਿਆਦ ਗੱਲ ਕਰਦੇ ਹਨ ਅਤੇ ਭੱਦੀ ਬਿਆਨਬਾਜ਼ੀ ਕਰਦੇ ਹਨ, ਦੀ ਭਾਜਪਾ ਵਰਗੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸੰਦੀਪ ਦਾਮਿਆ ਨੇ ਰਾਜਸਥਾਨ ਵਿਚ ਰੈਲੀ ਦੌਰਾਨ ਕਿਹਾ ਸੀ ਕਿ, “ਕੁੱਝ ਲੋਕ ਧਰਮ ਅਤੇ ਜਾਤੀਆਂ ਨੇ ਨਾਂ ‘ਤੇ ਸਾਨੂੰ ਵੰਡਣਾ ਚਾਹੁੰਦੇ ਹਨ, ਸਾਨੂੰ ਬਹੁਤ ਸਮਝ ਕੇ ਰਹਿਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ,“ਜਿਸ ਤਰ੍ਹਾਂ ਮਸਜਿਦਾਂ ਅਤੇ ਗੁਰਦੁਆਰੇ ਬਣਾ ਕੇ ਛੱਡੇ ਦਿਤੇ ਗਏ ਹਨ, ਉਹ ਅੱਗੇ ਜਾ ਕੇ ਨਾਸੂਰ ਬਣ ਜਾਣਗੇ। ਇਸ ਲਈ ਸਾਡਾ ਸਾਰਿਆਂ ਦਾ ਧਰਮ ਵੀ ਬਣਦਾ ਹੈ ਕਿ ਇਥੋਂ ਨਾਸੂਰ ਨੂੰ ਉਖਾੜ ਕੇ ਸੁੱਟ ਦਿਤਾ ਜਾਵੇ।”
ਇਸ ਮਾਮਲੇ ਦੀ ਖਾਸ ਗੱਲ ਇਹ ਹੈ ਕਿ ਜਿਸ ਵੇਲੇ ਇਹ ਬਿਆਨ ਦਿਤਾ ਜਾ ਰਿਹਾ ਸੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਹਾਜ਼ਰ ਸਨ, ਉਹ ਵੀ ਬਿਆਨ ਸੁਣ ਕੇ ਤਾੜੀਆਂ ਮਾਰਨ ਵਾਲਿਆਂ ਵਿਚ ਸ਼ਾਮਲ ਸਨ। ਇਸ ਗੱਲ ਉਤੇ ਕਿਸੇ ਨੇ ਵੀ ਘਟਨਾ ਵੇਲੇ ਇਤਰਾਜ਼ ਜ਼ਾਹਰ ਨਹੀਂ ਕੀਤਾ, ਪਰ ਜਦੋਂ ਸੋਸ਼ਲ ਮੀਡੀਆ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਦੀ ਸਖ਼ਤ ਨਿੰਦਾ ਕੀਤੀ ਤਾਂ ਭਾਜਪਾ ਨੇ ਇਸ ਉਤੇ ਮੁਆਫ਼ੀ ਮੰਗੀ।






