ਅਮਰੀਕਾ ਦੇ ਘਰੇਲੂ ਵੀਜ਼ਾ ਨਵੀਨੀਕਰਨ ਪ੍ਰੋਗ੍ਰਾਮ ਨੂੰ ਵ੍ਹਾਈਟ ਹਾਊਸ ਨੇ ਮਨਜ਼ੂਰੀ ਦੇ ਦਿੱਤੀ ਹੈ। ਪਾਇਲਟ ਪ੍ਰੋਗਰਾਮ ਤਹਿਤ ਸ਼ੁਰੂ ਇਸ ਯੋਜਨਾ ਦਾ ਲਾਭ ਅਮਰੀਕਾ ਵਿਚ ਰਹਿ ਰਹੇ ਵੱਡੀ ਗਿਣਤੀ ਵਿਚ ਐੱਚ-1ਬੀ ਵੀਜ਼ਾ ਧਾਰਕ ਭਾਰਤੀ ਪੇਸ਼ੇਵਰਾਂ ਨੂੰ ਮਿਲੇਗਾ। ਇਸ ਯੋਜਨਾ ਤਹਿਤ ਐੱਚ-1ਬੀ ਵੀਜ਼ਾ ਦੇ ਨਵੀਨੀਕਰਨ ਲਈ ਭਾਰਤ ਜਾਂ ਹੋਰ ਦੇਸ਼ ਜਾਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਸਮੇਂ ਅਤੇ ਕਈ ਹੋਰ ਪਰੇਸ਼ਾਨੀਆਂ ਤੋਂ ਨਿਜਾਤ ਮਿਲੇਗੀ।
ਆਫਿਸ ਆਫ ਇਨਫਾਰਮੇਸ਼ਨ ਐਂਡ ਰੈਗੂਲੇਟਰੀ ਅਫੇਅਰਜ਼ (ਓਆਈਆਰਏ) ਨੇ 15 ਦਸੰਬਰ ਨੂੰ ਪਾਇਲਟ ਪ੍ਰੋਗਰਾਮ ਦੀ ਮਨਜ਼ੂਰੀ ਦੇ ਦਿੱਤੀ। ਸ਼ੁਰੂਆਤ ਦੇ ਤਿੰਨ ਮਹੀਨਿਆਂ ਵਿਚ ਅਮਰੀਕੀ ਵਿਦੇਸ਼ ਮੰਤਰਾਲਾ 20 ਹਜ਼ਾਰ ਐੱਚ-1ਬੀ ਵੀਜ਼ੇ ਜਾਰੀ ਕਰੇਗਾ। ਬਾਅਦ ਵਿਚ ਸਮੀਖਿਆ ਤੋਂ ਬਾਅਦ ਇਸ ਨੂੰ ਵਧਾਇਆ ਜਾ ਸਕੇਗਾ। ਓਆਈਆਰਏ ਅਮਰੀਕੀ ਰਾਸ਼ਟਰਪਤੀ ਦੇ ਕਾਰਜਕਾਰੀ ਦਫ਼ਤਰ ਤਹਿਤ ਪ੍ਰਬੰਧ ਤੇ ਬਜਟ ਦਫ਼ਤਰ ਦਾ ਭਾਗ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੂਨ ਵਿਚ ਅਮਰੀਕਾ ਦੀ ਸਰਕਾਰੀ ਫੇਰੀ ਦੌਰਾਨ ਇਸ ਪਾਇਲਟ ਪ੍ਰੋਗਰਾਮ ਦਾ ਵ੍ਹਾਈਟ ਹਾਊਸ ਨੇ ਐਲਾਨ ਕੀਤਾ ਸੀ। ਐੱਚ-1ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜਾ ਹੈ। ਅਮਰੀਕੀ ਤਕਨੀਕੀ ਕੰਪਨੀਆਂ ਨੂੰ ਐੱਚ-1ਬੀ ਧਾਰਕ ਵਿਦੇਸ਼ੀ ਮਾਹਰ ਪੇਸ਼ੇਵਰਾਂ ਨੂੰ ਇਕ ਨਿਸ਼ਚਿਤ ਮਿਆਦ ਲਈ ਨਿਯੁਕਤ ਕਰਨ ਦੀ ਇਜਾਜ਼ਤ ਹੁੰਦੀ ਹੈ। ਇਸ ਦਾ ਲਾਭ ਭਾਰਤ ਤੇ ਚੀਨ ਵਰਗੇ ਦੇਸ਼ਾਂ ਦੇ ਕਰਮਚਾਰੀਆਂ ਨੂੰ ਮਿਲਦਾ ਹੈ। ਨਵੰਬਰ ਵਿਚ ਅਮਰੀਕੀ ਵਿਦੇਸ਼ ਮੰਤਰਾਲੇ ਵਿਚ ਵੀਜ਼ਾ ਲਈ ਡਿਪਟੀ ਅਸਿਸਟੈਂਟ ਸੈਕਟਰੀ ਜੂਲੀ ਸਟਫ ਨੇ ਕਿਹਾ ਸੀ ਕਿ ਭਾਰਤ ਵਿਚ ਅਮਰੀਕੀ ਵੀਜ਼ੇ ਦੀ ਮੰਗ ਬਹੁਤ ਜ਼ਿਆਦਾ ਹੈ।






