ਪੰਜਾਬ ’ਚ ਸ਼ਨਿਚਰਵਾਰ ਨੂੰ ਦਿਨ ਭਰ ਧੁੰਦ ਛਾਈ ਰਹੀ ਤੇ ਸੀਤ ਲਹਿਰ ਕਾਰਨ ਠਾਰ ਹੋਰ ਵੱਧ ਗਈ। ਦਿਨ ਦੇ ਤਾਪਮਾਨ ’ਚ ਰਿਕਾਰਡ 10 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ। ਸ਼ਨਿਚਰਵਾਰ ਨੂੰ ਇੱਥੇ ਸੀਜ਼ਨ ਦੀ ਰਿਕਾਰਡ ਠੰਢ ਪਈ। ਇੱਥੇ ਦਿਨ ਤੇ ਰਾਤ ਦੇ ਤਾਪਮਾਨ ’ਚ ਲਗਪਗ ਤਿੰਨ ਡਿਗਰੀ ਸੈਲਸੀਅਸ ਦਾ ਫ਼ਰਕ ਰਿਹਾ। ਦਿਨ ਦਾ ਤਾਪਮਾਨ 9.2 ਡਿਗਰੀ ਤੇ ਰਾਤ ਦਾ ਤਾਪਮਾਨ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
==================
ਸ਼ਹਿਰ—-ਦਿਨ ਦਾ ਤਾਪਮਾਨ—–ਰਾਤ ਦਾ ਤਾਪਮਾਨ
ਅੰਮ੍ਰਿਤਸਰ—9.2 ਡਿਗਰੀ ਸੈਲਸੀਅਸ—-5.9 ਡਿਗਰੀ ਸੈਲਸੀਅਸ
ਬਠਿੰਡਾ—10.6 ਡਿਗਰੀ ਸੈਲਸੀਅਸ—6.4 ਡਿਗਰੀ ਸੈਲਸੀਅਸ
ਲੁਧਿਆਣਾ–13.0 ਡਿਗਰੀ ਸੈਲਸੀਅਸ—6.8 ਡਿਗਰੀ ਸੈਲਸੀਅਸ
ਪਟਿਆਲਾ–13.3 ਡਿਗਰੀ ਸੈਲਸੀਅਸ—6.3 ਡਿਗਰੀ ਸੈਲਸੀਅਸ
———
ਠੰਢ ਤੇ ਧੁੰਦ ਦਾ ਸੰਤਰੀ ਅਲਰਟ

ਮੌਸਮ ਵਿਭਾਗ ਚੰਡੀਗੜ੍ਹ ਨੇ ਸੂਬੇ ’ਚ ਸੱਤ ਫਰਵਰੀ ਨੂੰ ਵੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਪੈਣ ਦਾ ਸੰਤਰੀ ਅਲਰਟ ਜਾਰੀ ਕੀਤਾ ਹੈ। ਅੱਠ ਜਨਵਰੀ ਨੂੰ ਗੜਬੜ ਵਾਲੀਆਂ ਪੱਛਣੀ ਪੌਣਾਂ ਦੇ ਸਰਗਰਮ ਹੋਣ ਕਾਰਨ ਕਈ ਥਾਈਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
———-
ਰੇਲ ਗੱਡੀਆਂ ਤੇ ਹਵਾਈ ਜਹਾਜ਼ ਪੱਛੜੇ
ਧੁੰਦ ਦਾ ਅਸਰ ਸੜਕੀ, ਰੇਲ ਤੇ ਹਵਾਈ ਆਵਾਜਾਈ ’ਤੇ ਵੀ ਪਿਆ। ਅੰਮ੍ਰਿਤਸਰ ਹਵਾਈ ਅੱਡੇ ਤੋਂ ਮਲੇਸ਼ੀਆ, ਗੋਆ ਤੇ ਮੁੰਬਈ ਜਾਣ ਵਾਲੇ ਜਹਾਜ਼ਾਂ ਨੇ ਨਿਰਧਾਰਤ ਸਮੇਂ ਤੋਂ ਦੇਰ ਨਾਲ ਉਡਾਣਾਂ ਭਰੀਆਂ। ਦੁਬਈ ਦੀ ਉਡਾਣ ਸਭ ਤੋਂ ਜ਼ਿਆਦਾ ਚਾਰ ਘੰਟੇ ਪੱਛੜੀ। ਏਸੇ ਤਰ੍ਹਾਂ ਕਈ ਰੇਲ ਗੱਡੀਆਂ ਵੀ ਪੱਛੜੀਆਂ। ਅੰਮ੍ਰਿਤਸਰ ਤੋਂ ਚੱਲਣ ਵਾਲੀ ਆਮਰਪਾਲੀ ਐਕਸਪ੍ਰੈੱਸ ਕਰੀਬ ਚਾਰ ਘੰਟੇ ਤੇ ਮੁੰਬਈ ਜਾਣ ਵਾਲੀ ਪੱਛਮ ਐਕਸਪ੍ਰੈੱਸ ਤਿੰਨ ਘੰਟੇ ਦੇਰ ਨਾਲ ਚੱਲੀਆਂ।






