ਸਿੰਗਾਪੁਰ ਦੀ ਸਰਕਾਰ ਭਾਰਤ, ਚੀਨ, ਫਿਲਪੀਂਸ ਤੇ ਮਿਆਂਮਾਰ ਤੋਂ ਪੁਲਿਸ ਅਧਿਕਾਰੀਆਂ ਦੀ ਭਰਤੀ ਬਾਰੇ ਵਿਚਾਰ ਕਰ ਰਹੀ ਹੈ। ਸਿੰਗਾਪੁਰ ਦੇ ਕਾਨੂੰਨ ਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਕੇ. ਸ਼ਨਮੁਗਮ ਨੇ ਕਿਹਾ ਹੈ ਕਿ ਪਿਛਲੇ ਕੁਝ ਵਰਿ੍ਹਆਂ ਦੌਰਾਨ ਸਹਾਇਕ ਪੁਲਿਸ ਅਧਿਕਾਰੀ (ਏਪੀਓ) ਲਈ ਤਾਇਵਾਨ ਦੇ ਲੋਕਾਂ ਦੀ ਗਿਣਤੀ ਘਟੀ ਹੈ, ਇਸ ਕਾਰਨ ਇਹ ਇਨ੍ਹਾਂ ਮੁਲਕਾਂ ਤੋਂ ਪੁਲਿਸ ਅਧਿਕਾਰੀ ਭਰਤੀ ਕਰਨ ਬਾਰੇ ਸੋਚ ਰਹੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਗ੍ਰਹਿ ਮਾਮਲਿਆਂ ਦਾ ਮੰਤਰਾਲਾ ਏਪੀਓ ਭਰਤੀ ਦੇ ਆਪਣੇ ਖੇਤਰ ਨੂੰ ਤਾਇਵਾਨ ਤੋਂ ਵਿਸਥਾਰ ਦੇਣਾ ਚਾਹ ਰਿਹਾ ਹੈ। ਇਨ੍ਹਾਂ ਵਿਚ ਸੰਭਾਵਤ ਤੌਰ ’ਤੇ ਭਾਰਤ, ਚੀਨ ਆਦਿ ਤੋਂ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਹਾਇਕ ਪੁਲਿਸ ਫੋਰਸ ਨੂੰ ਸੁਰੱਖਿਆ ਸੇਵਾ ਵਿਚ ਵੱਧਦੀ ਮੰਗ ਨੂੰ ਲੈ ਕੇ ਵਿਦੇਸ਼ਾਂ ਤੋਂ ਏਪੀਓ ਦੀ ਭਰਤੀ ਨੂੰ ਮਨਜ਼ੂਰੀ ਦੇਣ ਦੀ ਜ਼ਰੂਰਤ ਹੈ। ਸਥਾਨਕ ਵਰਕਫੋਰਸ ਵਿਚ ਕਮੀ, ਸਰੀਰਕ ਫਿਟਨੈੱਸ ਵਰਗੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਸਹਾਇਕ ਪੁਲਿਸ ਬਲਾਂ ਨੂੰ ਏਪੀਓ ਦੀ ਢੁਕਵੀਂ ਗਿਣਤੀ ਬਣਾਈ ਰੱਖਣ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।






