ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਮੋਗਾ ਦੇ ਪ੍ਰਾਇਮ ਫਾਰਮ ਹੋਟਲ ’ਚ ਰੈਲੀ ਕੀਤੀ। ਸਿੱਧੂ ਦੀ ਰੈਲੀ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਉਨ੍ਹਾਂ ਦੇ ਪੁੱਤਰ ਐਡਵੋਕੇਟ ਧਰਮਪਾਲ ਸਿੰਘ ਦੀ ਅਗਵਾਈ ਵਿਚ ਰੱਖੀ ਗਈ ਸੀ। ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਪਹੁੰਚੇ।
ਰੈਲੀ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਹਿੰਦੇ ਹਨ ਕਿ ਸਿੱਧੂ ਕੋਲ ਤੱਥ ਨਹੀਂ ਹਨ ਪਰ ਉਹ ਉਨ੍ਹਾਂ ਨਾਲ ਬੰਦ ਕਮਰੇ ਵਿਚ ਬਹਿਸ ਕਰਨ ਤਾਂ ਉਹ ਤੱਥਾਂ ਨਾਲ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਉਦੋਂ ਤੱਕ ਆਪਣੇ ਪੈਰਾਂ ’ਤੇ ਖੜ੍ਹਾ ਨਹੀਂ ਹੋ ਸਕਦਾ ਜਦੋਂ ਤੱਕ ਉਸ ਦੀ ਆਰਥਿਕਤਾ ਮਜ਼ਬੂਤ ਨਹੀਂ ਹੁੰਦੀ। ਉਨ੍ਹਾਂ ਦਾ ਮਕਸਦ ਸਿਰਫ਼ ਮਾੜੇ ਸਿਸਟਮ ਖ਼ਿਲਾਫ਼ ਲੜਨਾ ਹੈ ਅਤੇ ਇਹ ਦੇਖਣਾ ਹੈ ਕਿ ਪੰਜਾਬ ਮੁੜ ਕਿਸ ਤਰ੍ਹਾਂ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ, ਹਰ ਰੋਜ਼ ਕਤਲ ਹੋ ਰਹੇ ਹਨ, ਚਿੱਟਾ ਵੇਚ ਕੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਧੱਕਿਆ ਜਾ ਰਿਹਾ ਹੈ ਪਰ ਸੂਬੇ ’ਚੋਂ ਨਸ਼ਾ ਖ਼ਤਮ ਕਰਨ ਵਾਲੇ ਕੇਜਰੀਵਾਲ ਤੇ ਭਗਵੰਤ ਮਾਨ ਚੁੱਪ ਹਨ। ਉਨ੍ਹਾਂ ਕਿਹਾ ਕਿ ਜੇ ਉੱਤਰ ਭਾਰਤ ਦਾ ਭਲਾ ਕਰਨਾ ਹੈ ਤਾਂ ਤੁਰੰਤ ਬਾਰਡਰ ਖੋਲ੍ਹੇ ਜਾਣ ਤਾਂ ਜੋ ਸੂਬੇ ਦੇ ਕਿਸਾਨ ਦੂਜੇ ਦੇਸ਼ਾਂ ਨਾਲ ਵਪਾਰ ਕਰ ਸਕਣ। ਉਨ੍ਹਾਂ ਕਿਹਾ ਕਿ ਜਦੋਂ ਅਨਾਜ ਦੀ ਲੋੜ ਸੀ ਹਰੀ ਕ੍ਰਾਂਤੀ ਅਤੇ ਚਿੱਟੀ ਕ੍ਰਾਂਤੀ ਦੇ ਨਾਂ ’ਤੇ ਪੰਜਾਬ ਨੂੰ ਖ਼ੂਬ ਵਰਤਿਆ ਗਿਆ ਪਰ ਹੁਣ ਲੋੜ ਨਾ ਹੋਣ ’ਤੇ ਪੰਜਾਬ ਨੂੰ ਵਿਸਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰੇਤੇ ’ਚੋਂ 20 ਹਜ਼ਾਰ ਕਰੋੜ ਰੁਪਏ ਦਾ ਮੁਨਾਫ਼ਾ ਕੱਢਣ ਵਾਲਿਆਂ ਦੇ ਰਾਜ ਵਿਚ ਰੇਤੇ ਦੀ ਟਰਾਲੀ ਹੀ 21000 ਦੀ ਮਿਲ ਰਹੀ ਹੈ।
ਸਿੱਧੂ ਨੇ ਕਿਹਾ ਕਿ ਸਿੰਗਾਪੁਰ ਵਿਚ ਸਾਲਾਨਾ ਪ੍ਰਤੀ ਵਿਅਕਤੀ ਆਮਦਨ 1 ਕਰੋੜ 56 ਲੱਖ ਰੁਪਏ ਹੈ। ਆਸਟਰੇਲੀਆ ਵਿਚ 50 ਲੱਖ, ਨਿਊਜ਼ੀਲੈਂਡ ਵਿਚ 43 ਲੱਖ। ਭਾਰਤ ਵਿਚ ਔਸਤ ਪ੍ਰਤੀ ਵਿਅਕਤੀ ਆਮਦਨ 6.95 ਲੱਖ ਰੁਪਏ ਹੈ ਅਤੇ ਪੰਜਾਬ ਵਿਚ ਇਹ 1.80 ਲੱਖ ਰੁਪਏ ਹੈ। ਪੰਜਾਬ ਵਿਚ 15 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਅਤੇ ਵਿਦੇਸ਼ਾਂ ਵਿਚ 5 ਲੱਖ ਦੀ ਕਮਾਈ। ਲੋਕ ਰਾਜ ਕਿਉਂ ਨਹੀਂ ਛੱਡਦੇ।
ਇਸ ਮੌਕੇ ਧਰਮਪਾਲ ਸਿੰਘ ਡੀਪੀ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਇਕ ਇਮਾਨਦਾਰ ਆਗੂ ਨੂੰ ਅੱਗੇ ਲਿਆਉਣਾ ਪਵੇਗਾ ਤਾਂ ਹੀ ਪੰਜਾਬ ਦਾ ਭਲਾ ਹੋ ਸਕੇਗਾ। ਉਨ੍ਹਾਂ ਕਿਹਾ ਕਿ ਸਿੱਧੂ ਹੀ ਅਜਿਹੇ ਲੀਡਰ ਦਿਖਾਈ ਦੇ ਰਹੇ ਹਨ ਜਿਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੇ ਅਹੁਦਿਆਂ ਦੇ ਪਿੱਛੇ ਭੱਜਣ ਦੀ ਬਜਾਏ ਪੰਜਾਬ ਲਈ ਵਜ਼ੀਰੀਆਂ ਛੱਡ ਦਿੱਤੀਆਂ ਹਨ, ਜਦੋਂ ਕਿ ਕੋਈ ਵਿਅਕਤੀ ਸਰਪੰਚ ਦੀ ਕੁਰਸੀ ਛੱਡਣ ਲਈ ਤਿਆਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਸਿਆਸੀ ਲੀਡਰਾਂ ਨੇ ਰੈਲੀ ਨੂੰ ਅਸਫਲ ਕਰਨ ਲਈ ਪੂਰਾ ਜ਼ੋਰ ਲਾਇਆ ਪਰ ਇਸ ਦੇ ਬਾਵਜੂਦ ਲੋਕਾਂ ਨੇ ਵੱਡਾ ਇਕੱਠ ਕਰ ਕੇ ਦਿਖਾ ਦਿੱਤਾ ਹੈ ਕਿ ਉਹ ਪਾਰਟੀ ’ਚ ਫੁੱਟ ਪਾਉਣ ਵਾਲਿਆਂ ਦੇ ਆਖੇ ਨਹੀਂ ਲੱਗਣਗੇ।
ਇਸ ਮੌਕੇ ਸਾਬਕਾ ਮੰਤਰੀ ਲਾਲ ਸਿੰਘ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਹਰਿੰਦਰ ਸਿੰਘ ਲਾਡੀ, ਸਾਬਕਾ ਵਿਧਾਇਕ ਰਜਿੰਦਰ ਸਿੰਘ, ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਧਰਮਪਾਲ ਸਿੰਘ ਡੀਪੀ ਐਡਵੋਕੇਟ, ਨਰਿੰਦਰ ਪਾਲ ਸਿੰਘ ਸਿੱਧੂ, ਗੁਰਸੇਵਕ ਸਿੰਘ ਚੀਮਾ, ਚਰਨਜੀਤ ਸਿੰਘ, ਰਾਜੀਵ ਗਾਂਧੀ, ਸਿਮਰਨਜੀਤ ਸਿੰਘ ਰਿੱਕੀ ਘੱਲ ਕਲਾਂ, ਸੁਖਦੇਵ ਸਿੰੰਘ ਖੋਸਾ, ਨਰਿੰਦਰ ਸਿੰਘ ਐੱਮਸੀ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ ਬਿੱਟੂ, ਗੁਰਮਿੰਦਰ ਸਿੰਘ ਲਾਡੀ ਢਿੱਲੋ, ਸਾਹਿਲ ਅਰੋੜਾ ਐੱਮਸੀ, ਨੀਤਿਕਾ ਭੱਲਾ, ਐੱਮਸੀ ਤਰਸੇਮ ਸਿੰਘ, ਹਬੰਸ ਸਿੰਘ ਬੁੱਧੂ ਐਮਸੀ, ਪਰਮਿੰਦਰ ਸਿੰਘ ਕਾਕਾ,ਪਾਰਸ ਸ਼ਰਮਾ, ਜਸਕਰਨ ਮੱਲੀ, ਸੋਨੂੰ ਸੂਦ, ਸੋਨੂੰ ਗਰੋਵਰ, ਗੁਰਇਕਬਾਲ ਸਿੰਘ ਗੈਰੀ, ਪ੍ਰੀਤ ਯੂਥ ਆਗੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
ਰਾਮ ਹਰ ਕਣ ’ਚ ਮੌਜੂਦ : ਸਿੱਧੂ
ਇਸ ਦੌਰਾਨ ਸਿੱਧੂ ਨੇ ਰਾਮ ਮੰਦਰ ਦੇ ਉਦਘਾਟਨ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ, ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਨੇ ਜਿੰਨਾ ਸੋਨਾ ਹਰਿਮੰਦਰ ਸਾਹਿਬ ਵਿਚ ਦਿੱਤਾ ਸੀ, ਓਨਾ ਹੀ ਕਾਸ਼ੀ ਵਿਸ਼ਵਨਾਥ ਵਿਚ ਦਿੱਤਾ ਸੀ। ਅੱਜ ਵੀ ਕਾਸ਼ੀ ਵਿਸ਼ਵਨਾਥ ਵਿਚ ਸ਼ਾਮ ਦੀ ਆਰਤੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਕੀ ਜੈ ਕਿਹਾ ਜਾਂਦਾ ਹੈ। ਰਾਮ ਸਭ ਦੇ ਹਨ। ਰਾਮ ਹਰ ਕਣ ਵਿਚ ਮੌਜੂਦ ਹੈ।






