ਬੀਤੀ ਰਾਤ ਤੋਂ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ‘ਚ ਭਾਰੀ ਬਰਸਾਤ ਅਤੇ ਬਰਫਬਾਰੀ ਹੋਣ ਨਾਲ ਨੰਗਲ ਸਮੇਤ ਨਾਲ ਲਗਦੇ ਮੈਦਾਨੀ ਇਲਾਕਿਆਂ ‘ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬਾਰਿਸ ਅਤੇ ਬਰਫੀਲੀਆਂ ਹਵਾਵਾਂ ਨਾਲ ਦਿੱਲੀ ‘ਚ ਇਕ ਵਾਰ ਫਿਰ ਠੰਢ ਵਧ ਗਈ ਹੈ। ਬੀਤੀ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਅੱਜ ਐਤਵਾਰ ਨੂੰ ਸਾਰਾ ਦਿਨ ਜਾਰੀ ਰਹੀ, ਜਿਸ ਕਾਰਣ ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਅਤੇ ਲੋਕ ਆਪਣੇ ਘਰਾਂ ‘ਚ ਬੈਠਣ ਲਈ ਮਜਬੂਰ ਰਹੇ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵਲੋਂ ਪੰਜਾਬ ਵਿਚ ਬਾਰਿਸ਼ ਇਸ ਦੇ ਨਾਲ ਹੀ ਤੂਫਾਨ ਤੇ ਭਾਰੀ ਬਰਫਬਾਰੀ ਨੂੰ ਲੈ ਕੇ ਹਿਮਾਚਲ ਦੇ ਕਈ ਜ਼ਿਲਿ੍ਹਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਨੰਗਲ ਦੇ ਨਾਲ ਲਗਦੇ ਹਿਮਾਚਲ ਦੇ ਪਹਾੜਾਂ ‘ਚ ਬਰਫਬਾਰੀ ਕਾਰਨ ਬੇਹੱਦ ਠੰਡ ਪੈ ਰਹੀ ਹੈ। ਜਿਸ ਦਾ ਅਸਰ ਵਜੋਂ ਬਰਫਬਾਰੀ ਦੇ ਨਾਲ-ਨਾਲ ਬਰਫਬਾਰੀ ਕਾਰਨ ਠੰਢ ਦਾ ਦੋਹਰਾ ਹਮਲਾ ਲੋਕਾਂ ਦੀਆਂ ਮੁਸਕਲਾਂ ਵਧਾ ਰਿਹਾ ਹੈ।
ਬੀਤੀ ਰਾਤ ਤੋਂ ਹੋ ਰਹੀ ਦਰਮਿਆਨੀ ਤੋਂ ਭਾਰੀ ਬਾਰਿਸ਼ ਨਾਲ ਜਿਥੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਇਸ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ। ਸਫਲ ਕਿਸਾਨ ਵਰਜੀਤ ਸਿੰਘ ਲੱਕੀ, ਹਰਪਾਲ ਸਿੰਘ, ਰਾਕੇਸ਼ ਕੁਮਾਰ, ਬਖਸੀਸ਼ ਸਿੰਘ, ਬਲਵਿੰਦਰ ਸਿੰਘ, ਹਰਨੇਕ ਸਿੰਘ ਤੋਂ ਇਲਾਵਾ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਾਰਿਸ਼ ਨਾਲ ਜਿਥੇ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਸਿੰਚਾਈ ਕਰਨ ਤੋਂ ਬਚੇ ਹਨ, ਉਥੇ ਵੀਰਾਨੀ ਇਲਾਕਿਆਂ ‘ਚ ਇਹ ਬਾਰਿਸ਼ ਵਰਦਾਨ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗੜੇਮਾਰੀ ਦਾ ਡਰ ਵੀ ਸਤਾ ਰਿਹਾ ਹੈ। ਸਮਾਜ ਸੇਵੀ ਡਾ. ਸੰਜੀਵ ਗੌਤਮ ਦਾ ਕਹਿਣਾ ਹੈ ਇਹ ਠੰਡ ਜਿਥੇ ਹਾੜ੍ਹੀ ਦੀਆਂ ਫਸਲਾਂ ਲਈ ਲਾਹੇਵੰਦ ਹੈ, ਉਥੇ ਇਸ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਨਿਜਾਤ ਮਿਲੇਗੀ।






