ਨੈਸ਼ਨਲ ਹਾਈਵੇ ਨੰਬਰ 54 ‘ਤੇ ਪਿੰਡ ਚੁਤਾਲਾ ਵਿਖੇ ਬਣੀ ਸਰਵਿਸ ਲੇਨ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ ਕਿਉਂਕਿ ਬਰਸਾਤ ਤੋਂ ਬਾਅਦ ਇਹ ਰਸਤਾ ਨਹਿਰ ਦਾ ਰੂਪ ਧਾਰਨ ਕਰ ਜਾਂਦਾ ਹੈ ਅਤੇ ਇਥੋਂ ਲੰਘ ਪਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਹਾਲਾਂਕਿ ਉਕਤ ਰਸਤੇ ਨੂੰ ਠੀਕ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ-ਮਜ਼ਦੂਰ ਜਥੇਬੰਦੀ ਤੋਂ ਇਲਾਵਾ ਲੋਕਾਂ ਵੱਲੋਂ ਕਈ ਵਾਰ ਰੋਸ ਪ੍ਰਗਟਾਇਆ ਜਾ ਚੁੱਕਾ ਹੈ ਪਰ ਇਹ ਮੁਸੀਬਤ ਅਜੇ ਵੀ ਲੋਕਾਂ ਦਾ ਪਿੱਛਾ ਛੱਡਦੀ ਦਿਖਾਈ ਨਹੀਂ ਦਿੰਦੀ।
ਦੱਸ ਦੇਈਏ ਕਿ ਇਹ ਇਲਾਕਾ ਪੰਜਾਬ ਦੇ ਟਰਾਂਸਪੋਰਟ ਤੇ ਪੰਚਾਇਤ ਮੰਤਰੀ ਦੇ ਵਿਧਾਨ ਸਭਾ ਹਲਕਾ ਪੱਟੀ ਨੂੰ ਜਾਣ ਦਾ ਮੁੱਖ ਰਸਤਾ ਵੀ ਹੈ। ਦੱਸ ਦੇਈਏ ਕਿ ਤਰਨਤਾਰਨ ਸ਼ਹਿਰ ਨਾਲ ਸੜਕ ਵਿਚ ਪਿੰਡ ਚੁਤਾਲਾ ਦੇ ਰਸਤੇ ਸਾਹਮਣੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਨਿੱਤ ਖੱਜਲ-ਖੁਆਰ ਹੋ ਰਹੇ ਹਨ ਅਤੇ ਰਾਹਗੀਰ ਡੂੰਘੇ ਟੋਇਆਂ ਵਿਚ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਰਹੇ ਹਨ। ਕਿਸਾਨ ਜਥੇਬੰਦੀ ਵੱਲੋਂ ਇਸ ਸਬੰਧੀ 10 ਜਨਵਰੀ ਨੂੰ ਟੋਲ ਪਲਾਜ਼ਾ ਉਸਮਾਂ ‘ਤੇ ਧਰਨਾ ਵੀ ਦਿੱਤਾ ਗਿਆ ਸੀ ਪਰ ਪ੍ਰਸ਼ਾਸਨ ਤੇ ਹਾਈਵੇ ਅਥਾਰਟੀ ਵੱਲੋਂ ਕੋਈ ਸੁਧਾਰ ਨਹੀਂ ਕੀਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਫਤਹਿ ਸਿੰਘ ਪਿੱਦੀ ਤੇ ਜ਼ੋਨ ਦੇ ਪ੍ਰਰੈੱਸ ਸਕੱਤਰ ਸੁਪਰੀਮ ਸਿੰਘ ਨੇ ਦੱਸਿਆ ਕਿ ਅੰਮਿ੍ਤਸਰ ਤੋਂ ਬਠਿੰਡਾ ਹਾਈਵੇ ਨੰਬਰ 54 ‘ਤੇ ਪਿੰਡ ਅਲਾਦੀਨਪੁਰ ਵਿਚ ਫਲਾਈਓਵਰ ਬਣਿਆ ਹੋਇਆ ਹੈ। ਇਸ ਪੁਲ ਦੀ ਸਰਵਿਸ ਰੋਡ ਰਾਹੀਂ ਵਿਧਾਨ ਸਭਾ ਹਲਕਾ ਪੱਟੀ ਨੂੰ ਰਸਤਾ ਜਾਂਦਾ ਹੈ। ਇਸ ਸਾਰੀ ਸੜਕ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ।
ਪਿੰਡ ਅਲਾਦੀਨਪੁਰ ਦਾ ਸਾਰਾ ਗੰਦਾ ਪਾਣੀ ਵੀ ਇਸ ਸੜਕ ‘ਤੇ ਪੈ ਰਿਹਾ ਹੈ। ਪੁਲ ਦੇ ਹੇਠਾਂ ਵੱਡੇ ਖੱਡੇ ਪੈ ਚੁੱਕੇ ਹਨ ਤੇ ਸਭ ਤੋਂ ਮਾੜੀ ਹਾਲਤ ਪਿੰਡ ਚਤਾਲਾ ਦੇ ਮੁੱਖ ਰਸਤੇ ਦੇ ਸਾਹਮਣੇ ਹੈ ਜਿਸ ‘ਤੇ ਦੋ ਦੋ ਫੁੱਟ ਪਾਣੀ ਖੜ੍ਹਾ ਹੈ ਤੇ ਦੋ ਦੋ ਫੁੱਟ ਡੂੰਘੇ ਟੋਏ ਪੈ ਗਏ ਹਨ, ਜਿਨ੍ਹਾਂ ਟੋਇਆਂ ਵਿਚ ਰੋਜ਼ ਗੱਡੀਆਂ ਕਾਰਾਂ ਤੇ ਈ ਰਿਕਸ਼ਾ ਪਲਟ ਰਹੇ ਹਨ, ਜਿਸ ਨਾਲ ਆਮ ਰਾਹਗੀਰਾਂ ਨੂੰ ਗੰਭੀਰ ਸੱਟਾਂ ਲੱਗ ਰਹੀਆਂ ਹਨ। ਪੱਟੀ ਰੋਡ ਨੂੰ ਤਰਨਤਾਰਨ ਤੋਂ ਜਾਣ ਵਾਲਾ ਇਹ ਰਸਤਾ ਆਮ ਲੋਕਾਂ ਲਈ ਸਰਾਪ ਬਣ ਗਿਆ ਹੈ। ਕਿਸਾਨ ਆਗੂਆਂ ਵੱਲੋਂ ਕਈ ਵਾਰ ਇਸ ਸਬੰਧੀ ਹਾਈਵੇ ਅਥਾਰਟੀ ਦੇ ਕਰਮਚਾਰੀ ਟੋਲ ਪਲਾਜ਼ਾ ਅਧਿਕਾਰੀਆਂ ਤੇ ਪ੍ਰਸ਼ਾਸਨ ਨੂੰ ਇਹ ਮਸਲਾ ਹੱਲ ਕਰਨ ਲਈ ਕਿਹਾ ਜਾ ਚੁੱਕਾ ਹੈ ਪਰ ਕੋਈ ਅਸਰ ਨਹੀਂ ਹੋਇਆ। 10 ਜਨਵਰੀ ਨੂੰ ਕਿਸਾਨ ਜਥੇਬੰਦੀ ਵੱਲੋਂ ਉਸਮਾ ਟੋਲ ਪਲਾਜ਼ਾ ‘ਤੇ ਧਰਨਾ ਵੀ ਦਿੱਤਾ ਗਿਆ ਸੀ। ਧਰਨੇ ਵਿਚ ਸਬੰਧਤ ਅਧਿਕਾਰੀਆਂ ਵੱਲੋਂ ਤਹਿਸੀਲਦਾਰ ਤੇ ਡੀਐੱਸਪੀ ਦੀ ਹਾਜ਼ਰੀ ਵਿਚ ਇਸ ਸੜਕ ਦੀ ਮਰੰਮਤ ‘ਤੇ ਪਾਣੀ ਦੀ ਨਿਕਾਸ ਦਾ ਹੱਲ ਕਰਨ ਲਈ ਇਕ ਹਫਤੇ ਦਾ ਸਮਾਂ ਮੰਗਿਆ ਸੀ ਪਰ ਅੱਜ 10 ਫਰਵਰੀ ਆਉਣ ਨੂੰ ਤਿਆਰ ਹੈ ਕੋਈ ਕਾਰਵਾਈ ਨਹੀਂ ਕੀਤੀ ਗਈ। ਵੱਡੀ ਤ੍ਰਾਸਦੀ ਦੀ ਗੱਲ ਇਹ ਹੈ ਕਿ ਇਹ ਸੜਕ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਹਲਕਾ ਪੱਟੀ ਨੂੰ ਵੀ ਜਾਂਦੀ ਹੈ ਪਰ ਪੰਜਾਬ ਸਰਕਾਰ ਦਾ ਮੰਤਰੀ ਆਪਣੇ ਹਲਕੇ ਨੂੰ ਜਾਂਦੀ ਸੜਕ ਦਾ ਸੁਧਾਰ ਨਹੀਂ ਕਰ ਸਕਦਾ ਤਾਂ ਆਮ ਲੋਕਾਂ ਦੇ ਕੰਮ ਕਿੱਦਾਂ ਕਰੇਗਾ। ਇਸ ਸੜਕ ਦੀ ਮਾੜੀ ਹਾਲਤ ਸਰਕਾਰ ਦੇ ਕੰਮ ਕਾਜ ‘ਤੇ ਵੀ ਸਵਾਲ ਚੁੱਕਦੀ ਹੈ। ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸੜਕ ਦਾ ਕੋਈ ਹੱਲ ਨਾ ਕੀਤਾ ਤਾਂ ਅਗਲਾ ਐਕਸ਼ਨ ਤਿੱਖਾ ਹੋਵੇਗਾ।






