ਰੈਗ ਪਿੱਕਰਜ਼ ਨੇ ਚੁਗਿੱਟੀ ਡੰਪ ‘ਤੇ ਨਗਰ ਨਿਗਮ ਦੀਆਂ ਪਾਬੰਦੀਆਂ ਦੀਆਂ ਕੂੜਾ ਸੁੱਟ ਕੇ ਧੱਜੀਆਂ ਉਡਾ ਦਿੱਤੀਆਂ। ਰੈਗ ਪਿੱਕਰਜ਼ ਨੂੰ ਨਗਰ ਨਿਗਮ ਨੇ ਚੁਗਿੱਟੀ ਡੰਪ ਬੰਦ ਕਰਾ ਕੇ ਉਸ ਦੇ ਬਦਲੇ ਕੋਈ ਨਵੀਂ ਥਾਂ ‘ਤੇ ਕੂੜਾ ਸੁੱਟਣ ਦਾ ਪ੍ਰਬੰਧ ਨਹੀਂ ਕੀਤਾ ਸੀ। ਜਿਸ ਕਾਰਨ ਮੰਗਲਵਾਰ ਨੂੰ ਉਨ੍ਹਾਂ ਨੇ ਕੂੜਾ ਸੁੱਟ ਕੇ ਰੋਸ ਪ੍ਰਗਟ ਕੀਤਾ ਤੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਕੂੜਾ ਸੁੱਟਣ ਲਈ ਥਾਂ ਮੁਹੱਈਆ ਕਰਵਾਈ ਜਾਵੇ।
ਨਗਰ ਨਿਗਮ ਨੇ ਉਕਤ ਡੰਪ ਨੈਸ਼ਨਲ ਗਰੀਨ ਟਿ੍ਬਿਊਨਲ ਦੇ ਹੁਕਮਾਂ ‘ਤੇ 3 ਹਫ਼ਤੇ ਪਹਿਲਾਂ ਹੀ ਡੰਪ ਬੰਦ ਕਰਾਇਆ ਸੀ ਪਰ ਇਸ ਦੇ ਬਦਲੇ ਰੈਗ ਪਿੱਕਰਜ਼ ਨੂੰ ਕੂੜਾ ਸੁੱਟਣ ਲਈ ਕੋਈ ਨਵੀਂ ਥਾਂ ਮੁਹੱਈਆ ਨਹੀਂ ਕਰਾਈ ਸੀ। ਜਿਸ ਕਾਰਨ ਉਨ੍ਹਾਂ ਨੂੰ ਕੂੜਾ ਘਰਾਂ ਤੋਂ ਇਕੱਠਾ ਕਰਨ ਦੇ ਬਾਅਦ ਉਸ ਨੂੰ ਸੁੱਟਣ ਤੇ ਮੁਸ਼ਕਲ ਆ ਰਹੀ ਸੀ । ਕਿਉਂਕਿ ਉੋਹ 8 ਵਾਰਡਾਂ ਦਾ ਕੂੜਾ ਚੁਗਿੱਟੀ ਡੰਪ ‘ਤੇ ਸੁੱਟਦੇ ਸਨ। ਇਸ ਦੌਰਾਨ ਰੈਗ ਪਿੱਕਰਜ਼ ਨਾਲ ਮੀਟਿੰਗ ਵੀ ਹੋਈ ਤੇ ਉਨ੍ਹਾਂ ਨੂੰ ਹਾਲ ਦੀ ਘੜੀ ਪ੍ਰਤਾਪ ਬਾਗ ਤੇ ਦਕੋਹਾ ਡੰਪ ਤੇ ਕੂੜਾ ਸੁੱਟਣ ਦੀ ਥਾਂ ਅਲਾਟ ਕੀਤੀ ਗਈ ਹੈ, ਪਰ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਕੂੜਾ ਸੁੱਟਣ ਲਈ ਚੁਗਿੱਟੀ ਦੇ ਆਸ-ਪਾਸ ਹੀ ਥਾਂ ਅਲਾਟ ਕੀਤੀ ਜਾਏ।
ਇਹ ਵਰਨਣਯੋਗ ਹੈ ਕਿ ਬੀਤੇ ਸੋਮਵਾਰ ਨੂੰ ਰੈਗ ਪਿੱਕਰਜ਼ ਨੇ ਨਿਗਮ ਅਧਿਕਾਰੀਆਂ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇ ਉਨ੍ਹਾਂ ਨੂੰ ਥਾਂ ਅਲਾਟ ਨਾ ਕੀਤੀ ਗਈ ਤਾਂ ਉਹ ਸੜਕਾਂ ਤੇ ਕੂੜਾ ਸੁੱਟਣਗੇ, ਤੇ ਮੰਗਲਵਾਰ ਨੂੰ ਉਨ੍ਹਾਂ ਨੇ ਚੁਗਿੱਟੀ ਡੰਪ ਤੇ ਕੂੜਾ ਸੁੱਟ ਕੇ ਆਪਣਾ ਰੋਸ ਪ੍ਰਗਟ ਕਰ ਦਿੱਤਾ। ਜਿਸ ਕਾਰਨ ਉਥੇ ਤਣਾਅ ਵਰਗੀ ਹਾਲਤ ਪੈਦਾ ਹੋ ਗਈ ਜਦੋਂਕਿ ਉਥੇ ਕੂੜਾ ਸੁੱਟਣ ਨੂੰ ਰੋਕਣ ਲਈ ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕੂੜਾ ਸੁੱਟਿਆ ਜਿਸ ਕਾਰਨ ਰਾਮਾਮੰਡੀ ਥਾਣੇ ਦੀ ਪੁਲਿਸ ਮੌਕੇ ‘ਤੇ ਪੁੱਜੀ।
ਰੈਗ ਪਿੱਕਰਜ਼ ਦੇ ਹੱਕ ‘ਚ ਨਿੱਤਰੀ ਨਗਰ ਨਿਗਮ ਦੀ ਯੂਨੀਅਨ
ਰੈਗ ਪਿੱਕਰਜ਼ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਹਮਾਇਤ ‘ਚ ਯੂਨੀਅਨ ਆਗੂਆਂ ਨੇ ਸੰਯੁਕਤ ਕਮਿਸ਼ਨਰ ਪੁਨੀਤ ਸ਼ਰਮਾ ਤੇ ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ ਨਾਲ ਮੀਟਿੰਗ ਕੀਤੀ। ਰਿੰਪੀ ਕਲਿਆਣਾ ਨੇ ਕਿਹਾ ਕਿ ਰੈਗ ਪਿੱਕਰਜ਼ ਦੀ ਗੱਲ ਸੁਣੀ ਜਾਏ। ਉਹ ਲੋਕਾਂ ਦੇ ਘਰਾਂ ਤੋਂ ਕੂੜਾ ਇਕੱਠਾ ਕਰ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ। ਉਨ੍ਹਾਂ ਨੂੰ ਚੁਗਿੱਟੀ ਡੰਪ ਤੋ ਕੂੜਾ ਸੁੱਟਣ ਦੀ ਮੁੜ ਇਜਾਜ਼ਤ ਦਿੱਤੀ ਜਾਏ। ਬੁੱਧਵਾਰ ਨੂੰ ਚੁਗਿੱਟੀ ਡੰਪ ‘ਤੇ ਸੁੱਟਿਆ ਗਿਆ ਕੂੜਾ ਸਾਫ਼ ਕਰ ਦਿੱਤਾ ਜਾਵੇਗਾ। ਇਸ ਦੌਰਾਨ ਯੂਨੀਅਨ ਆਗੂ ਬੰਟੂ ਸਭਰਵਗਾਰ ਚੰਦਨ ਗਰੇਵਾਲ ਨੇ ਇਸ ਮਾਮਲੇ ਦਾ ਕੋਈ ਹੱਲ ਕਰਨ ਦੀ ਮੰਗ ਕੀਤੀ। ਇਸ ਦੌਰਾਨ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਵੀ ਰੈਗ ਪਿੱਕਰਜ਼ ਨੂੰ ਅਪੀਲ ਕੀਤੀ ਕਿ ਉਹ ਕੂੜਾ ਦਕੋਹਾ ਡੰਪ ‘ਤੇ ਸੁੱਟਣ ਲਈ ਸਹਿਯੋਗ ਕਰਨ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਚੁਗਿੱਟੀ ਡੰਪ ‘ਤੇ ਕੂੜਾ ਸੁੱਟਣ ਦੀ ਸੂਚਨਾ ਵੀ ਨੈਸ਼ਨਲ ਗਰੀਨ ਟਿ੍ਬਿਊਨਲ ਨੂੰ ਕਰ ਦਿੱਤੀ ਗਈ ਹੈ।
ਨਗਰ ਨਿਗਮ ਵਲੋਂ ਕੂੜਾ ਦੀ ਢੁਆਈ ਲਈ ਗੱਡੀਆਂ ਚਲਾਉਣ ਲਈ ਆਉਟ ਸੋਰਸ ‘ਤੇ ਰੱਖੇ ਚਾਲਕਾਂ ਨੂੰ ਤਨਖ਼ਾਹ ਨਾ ਮਿਲਣ ਤੇ ਉਨ੍ਹਾਂ ਨੇ ਕੂੜੇ ਦੇ ਟਰੱਕ ਨਿਗਮ ਕੈਂਪਸ ‘ਚ ਖੜ੍ਹੇ ਕਰ ਦਿੱਤੇ। ਟਰੱਕ ਚਾਲਕਾਂ ਅਨੁਸਾਰ ਉਨ੍ਹਾਂ ਨੂੰ ਲਗਪਗ ਬੀਤੇ 3 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਭਾਰੀ ਆਰਥਕ ਪਰੇੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਯੂਨੀਅਨ ਆਗੂ ਚੰਦਨ ਗਰੇਵਾਲ , ਬੰਟੂ ਸਭਰਵਾਲ ਤੇ ਸੰਮੀ ਲੂਥਰ ਨੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਆਉਟ ਸੋਰਸ ਚਾਲਕ ਨੂੰ ਤਨਖ਼ਾਹ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਤਨਖ਼ਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਕ ਤੰਗੀ ਪਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਮਚਾਰੀਆਂ ਨੇ ਕਿਹਾ ਕਿ ਠੇਕੇਦਾਰ ਨੂੰ ਭੁਗਤਾਨ ਨਾ ਹੋਣ ਕਾਰਨ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ ਹੈ। ਇਸ ਦੌਰਾਨ ਡੀਸੀਐੱਫਏ ਪੰਕਜ ਕਪੂਰ ਨਾਲ ਯੂਨੀਅਨ ਆਗੂਆਂ ਦੀ ਬਹਿਸ ਵੀ ਹੋ ਗਈ। ਇਸ ਦੌਰਾਨ ਚਿਤਾਵਨੀ ਦਿੱਤੀ ਗਈ ਕਿ ਜੇ ਭੁਗਤਾਨ ਨਾ ਕੀਤਾ ਗਿਆ ਤਾਂ ਬੁੱਧਵਾਰ ਨੂੰ ਮੁੜ ਕੂੜੇ ਦੇ ਭਰੇ ਟਰੱਕ ਨਿਗਮ ਕੈਂਪਸ ‘ਚ ਲਿਆ ਕੇ ਖੜ੍ਹੇ ਕਰ ਦਿੱਤੇ ਜਾਣਗੇ।






