ਅਮਰੀਕੀ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਪੁਲਾੜ ’ਚ ਉੱਦਮ ਦੇ ਇਕ ਹੋਰ ਕ੍ਰਾਂਤੀਕਾਰੀ ਕਦਮ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਮਨੁੱਖ ਜਾਤੀ ਨੂੰ ਧਰਤੀ ਤੋਂ ਇਲਾਵਾ ਮੰਗਲ ਗ੍ਰਹਿ ’ਤੇ ਵਸਾਉਣ ਲਈ ਕਈ ਵੱਡੇ ਦਾਅਵੇ ਕੀਤੇ ਹਨ ਜਿਨ੍ਹਾਂ ਨੂੰ ਹਾਲੇ ਤੱਕ ਸਿਰਫ਼ ਕਲਪਨਾ ਦੀ ਉਡਾਣ ਮੰਨਿਆ ਜਾਂਦਾ ਸੀ। ਮਸਕ ਦਾ ਕਹਿਣਾ ਹੈ ਕਿ ਉਹ ਇਕ ਅਜਿਹੀ ਕਾਰਜ ਯੋਜਨਾ ਤਿਆਰ ਕਰ ਰਹੇ ਹਨ ਜਿਸ ਨਾਲ 10 ਲੱਖ ਲੋਕਾਂ ਨੂੰ ਧਰਤੀ ਤੋਂ ਮੰਗਲ ਗ੍ਰਹਿ ’ਤੇ ਲਿਜਾਇਆ ਜਾਵੇਗਾ। ਇਕ ਦਿਨ ਅਜਿਹਾ ਵੀ ਆਵੇਗਾ ਜਦੋਂ ਮੰਗਲ ਗ੍ਰਹਿ ਲਈ ਉਡਾਣ ਦੇਸ਼ ਦੇ ਹੀ ਇਕ ਕੋਨੇ ਤੋਂ ਦੂਜੇ ਕੋਨੇ ’ਚ ਜਹਾਜ਼ ਰਾਹੀਂ ਜਾਣ ਵਰਗੀ ਹੋਵੇਗੀ।
ਇਸ ਤੋਂ ਪਹਿਲਾਂ ਜਨਵਰੀ ’ਚ ‘ਐਕਸ’ ਦੇ ਮਾਲਕ ਐਲਨ ਮਸਕ ਨੇ ਕਿਹਾ ਸੀ ਕਿ ਇਨਸਾਨਾਂ ਨੂੰ ਚੰਦਰਮਾ ’ਤੇ ਅਗਲੇ ਅੱਠ ਸਾਲਾਂ ’ਚ ਭੇਜਿਆ ਜਾ ਸਕੇਗਾ। ਹੁਣ ਤੋਂ ਅੱਠ ਸਾਲ ਬਾਅਦ ਤੱਕ ਅਸੀਂ ਮੰਗਲ ਗ੍ਰਹਿ ’ਤੇ ਉਤਰ ਚੁੱਕੇ ਹੋਵਾਂਗੇ ਤੇ ਚੰਦਰਮਾ ’ਤੇ ਵੀ ਲੋਕਾਂ ਨੂੰ ਭੇਜਿਆ ਜਾ ਚੁੱਕਾ ਹੋਵੇਗਾ। ਮਨੁੱਖ ਜਾਤੀ ਨੂੰ ਮੰਗਲ ਗ੍ਰਹਿ ’ਤੇ ਚੰਦਰਮਾ ਆਧਾਰਤ ਸ਼ਹਿਰ ਵਸਾਉਣੇ ਚਾਹੀਦੇ ਹਨ ਤੇ ਉੱਥੋਂ ਅੱਗੇ ਦੇ ਤਾਰਿਆਂ ਦਾ ਸਫ਼ਰ ਤੈਅ ਕਰਨਾ ਚਾਹੀਦਾ ਹੈ। ਸਾਡਾ ਚੰਦਰਮਾ ’ਤੇ ਮਨੁੱਖ ਨੂੰ ਵਸਾਉਣ ਵਾਲਾ ਸਥਾਈ ਬੇਸ ਹੋਣਾ ਚਾਹੀਦਾ ਹੈ ਤੇ ਉੱਥੋਂ ਹੀ ਲੋਕਾਂ ਨੂੰ ਮੰਗਲ ਗ੍ਰਹਿ ’ਤੇ ਭੇਜਿਆ ਜਾਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਉਸ ਸਮੇਂ ਇਹ ਸਪੇਸ ਸਟੇਸ਼ਨ ਤੋਂ ਪਰੇ ਕੋਈ ਵਿਵਸਥਾ ਹੋਵੇ, ਇਹ ਭਵਿੱਖ ’ਚ ਦੇਖਿਆ ਜਾਵੇਗਾ। ਮਸਕ ਨੇ ਇਹ ਉਮੀਦ ਵੀ ਪ੍ਰਗਟਾਈ ਹੈ ਕਿ ਇਸ ਸਾਲ ਸਟਾਰਸ਼ਿਪ ਦੀ ਤੀਜੀ ਫਲਾਈਟ ਪੰਧ ’ਚ ਪੁੱਜ ਜਾਵੇਗੀ।






