ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਦੇ ਵਿਰੋਧ ‘ਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦੀ ਅਗਵਾਈ ਹੇਠ ਆਈਟੀਆਈ ਚੌਕ ਵਿਖੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਤਰਜੀਤ ਸਿੰਘ ਚਹਿਲ ਅਤੇ ਸਾਬਕਾ ਚੇਅਰਮੈਨ ਖੇਮ ਸਿੰਘ ਜਟਾਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਹਮਾਇਤ ਵਿੱਚ ਨਿੱਤਰ ਚੁੱਕੀ ਹੈ ਅਤੇ ਹੁਣ ਵੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਾਰਟੀ ਦਾ ਵਰਕਰ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ।
ਕਾਂਗਰਸ ਦੇ ਕਾਰਜਕਾਲ ਦੌਰਾਨ ਕਿਸਾਨੀ ਦੀ ਮਜ਼ਬੂਤੀ ਲਈ ਪੰਜਾਬ ਦੇ ਪਾਣੀਆਂ ਦੇ ਵੱਡੇ ਫ਼ੈਸਲੇ ਲੈ ਕੇ ਕਿਸਾਨਾਂ ਨੂੰ ਖੇਤਾਂ ਤਕ ਸਿੰਚਾਈ ਪਾਣੀ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਕਿਸਾਨਾਂ ‘ਤੇ ਹਮਲੇ ਕਰਨੇ ਬੰਦ ਨਾ ਕੀਤੇ ਤਾਂ ਆਉਣ ਵਾਲੀਆਂ ਚੋਣਾਂ ਦੌਰਾਨ ਪਿੰਡਾਂ ਅੰਦਰ ਭਾਜਪਾ ਲੀਡਰਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਮੇਸ਼ਾ ਪੂੰਜੀਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਦਾ ਸਾਥ ਦੇ ਕੇ ਕਿਸਾਨ ਮਜ਼ਦੂਰ ਵਰਗ ਨਾਲ ਧੱਕਾ ਕਰ ਰਹੀ ਹੈ। ਜਦੋਂਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਹਮੇਸ਼ਾ ਕਿਸਾਨ ਅਤੇ ਮਜ਼ਦੂਰ ਨੂੰ ਉੱਚਾ ਚੁੱਕਣ ਦੀ ਗੱਲ ਕੀਤੀ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਹੱਦਾਂ ਤੇ ਵੱਡੇ ਵੱਡੇ ਕੰਕਰੀਟ ਦੇ ਪਿਲਰ, ਲੋਹੇ ਦੀਆਂ ਕਿੱਲਾ ਅਤੇ ਅਥਰੂ ਗੈਂਸ ਦੇ ਗੋਲੇ ਸੁੱਟ ਕੇ ਕਿਸਾਨਾਂ ਨੂੰ ਲੜਾਈ ਲਈ ਉਕਸਾਇਆ ਜਾ ਰਿਹਾ ਹੈ। ਪਰ ਕਿਸਾਨ ਆਪਣਾ ਸ਼ਾਂਤਮਈ ਢੰਗ ਨਾਲ ਸੰਘਰਸ਼ ਲੜ ਰਹੇ ਹਨ। ਇਸ ਮੌਕੇ ਸੁਦਰਸ਼ਨ ਸਿੰਘ ਖਾਰਾ, ਰਣਵੀਰ ਕੌਰ ਮੀਆਂ, ਨਵੀਨ ਕਾਲਾ ਬੋਹਾ, ਸੰਦੀਪ ਮਹਿਤਾ ਭੀਖੀ, ਕੇਸੀ ਬਾਵਾ, ਲਖਵਿੰਦਰ ਸਿੰਘ ਬਛੋਆਣਾ, ਇਕਬਾਲ ਕਾਲਾ ਬੱਛੋਆਣਾ, ਸਰਬਜੀਤ ਸਿੰਘ ਮੀਆਂ, ਸੁਖਚੈਨ ਸਿੰਘ ਬੋੜਾਵਾਲ, ਲਵਲੀ ਬੋੜਾਵਾਲੀਆਂ, ਜਗਮੋਹਨ ਜੋਨੀ, ਲਛਮਣ ਸਿੰਘ ਗੰਢੂਆਂ, ਵਿੱਕੀ ਬੋੜਾਵਾਲੀਆਂ, ਗੋਪਾਲ ਸ਼ਰਮਾ ਬਰੇਟਾ, ਰਜਿੰਦਰ ਕੁਮਾਰ, ਪ੍ਰਵੀਨ ਅਹੂਜਾ ਆਦਿ ਹਾਜ਼ਰ ਸਨ।






