ਕੈਲੀਫੋਰਨੀਆ ’ਚ ਰਹਿ ਰਹੇ ਭਾਰਤਵੰਸ਼ੀ ਪਰਿਵਾਰ ਦੀਆਂ ਲਾਸ਼ਾਂ ਉਸਦੇ 21 ਲੱਖ ਡਾਲਰ ਦੇ ਘਰ ’ਚ ਸੋਮਵਾਰ ਨੂੰ ਮਿਲੀਆਂ ਸਨ। ਪੁਲਿਸ ਨੂੰ ਭਾਰਤੀ ਮੂਲ ਦੇ ਸਾਬਕਾ ਮੈਟਾ ਸਾਫਟਵੇਅਰ ਇੰਜੀਨੀਅਰ ਹੈਨਰੀ ’ਤੇ ਕੈਲੀਫੋਰਨੀਆ ’ਚ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਪਤਨੀ ਤੇ ਜੌੜੀਆਂ ਬੱਚੀਆਂ ਦੀ ਹੱਤਿਆ ਕਰਨ ਦਾ ਸ਼ੱਕ ਹੈ। ਸੈਨ ਮੈਟੋ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਅਨੰਦ ਹੈਨਰੀ, ਉਸਦੀ ਪਤਨੀ ਤੇ ਚਾਰ ਸਾਲਾ ਜੌੜੀਆਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ। ਹੈਨਰੀ ਤੇ ਉਸਦੀ ਪਤਨੀ ਐਲਿਸ ਪਿ੍ਰਅੰਕਾ ਬੈਂਜੀਗਰ ਪਖਾਨੇ ’ਚ ਮਿ੍ਰਤਕ ਮਿਲੇ ਸਨ। ਉਨ੍ਹਾਂ ਦੇ ਸਰੀਰਾਂ ’ਤੇ ਗੋਲੀਆਂ ਦੇ ਨਿਸ਼ਾਨ ਸਨ। ਨੌਂ ਐੱਮਐੱਮ ਦੀ ਬੰਦੂਕ ਜ਼ਮੀਨ ’ਤੇ ਪਈ ਸੀ। ਇਹ ਹੈਨਰੀ ਦੇ ਨਾਂ ’ਤੇ ਰਜਿਸਟਰਡ ਹੈ।
ਦੋਵਾਂ ਬੱਚੀਆਂ ਦੀਆਂ ਲਾਸ਼ਾਂ ਬੈੱਡਰੂਮ ’ਚ ਪਈਆਂ ਸਨ। ਉਨ੍ਹਾਂ ਦੇ ਸਰੀਰ ’ਤੇ ਸੱਟ ਦੇ ਨਿਸ਼ਾਨ ਸਨ। ਬਾਥਰੂਮ ’ਚ ਮਿਲੇ ਬੈਂਜੀਗਰ ਦੇ ਸਰੀਰ ’ਤੇ ਗੋਲੀਆਂ ਦੇ ਕਈ ਨਿਸ਼ਾਨ ਸਨ, ਜਦਕਿ ਹੈਨਰੀ ਦੇ ਸਰੀਰ ’ਤੇ ਸਿਰਫ ਇਕ ਗੋਲੀ ਦਾ ਨਿਸ਼ਾਨ ਸੀ। ਹਾਲੇ ਤੱਕ ਬੱਚਿਆਂ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਕਿਹਾ ਕਿ ਅਨੰਦ ਦੀ ਲਿੰਕਡਇਨ ਪ੍ਰੋਫਾਈਲ ਤੋਂ ਉਸਦੀ ਪਛਾਣ ਮੈਟਾ ਤੇ ਗੂਗਲ ’ਚ ਸਾਬਕਾ ਸਾਫਟਵੇਅਰ ਇੰਜੀਨੀਅਰਿੰਗ ਮੈਨੇਜਰ ਵਜੋਂ ਹੋਈ ਹੈ। ਪਿਛਲੇ ਸਾਲ ਜੂਨ ’ਚ ਮੈਟਾ ’ਚ ਆਪਣਾ ਅਹੁਦਾ ਛੱਡਣ ਤੋਂ ਬਾਅਦ ਉਸਨੇ ਖੁਦ ਦੀ ਏਆਈ ਕੰਪਨੀ ਸਥਾਪਿਤ ਕੀਤੀ। ਉਸਨੇ ਦਸੰਬਰ 2016 ’ਚ ਤਲਾਰ ਲਈ ਅਰਜ਼ੀ ਵੀ ਦਿੱਤੀ ਸੀ, ਪਰ ਉਸ ’ਤੇ ਅਮਲ ਨਹੀਂ ਕੀਤਾ ਗਿਆ। ਗੁਆਂਢੀਆਂ ਨੇ ਕਿਹਾ ਕਿ ਜੋੜਾ ਚਾਰ ਸਾਲ ਤੋਂ ਵੱਧ ਸਮੇਂ ਤੋਂ ਰਹਿ ਰਿਹਾ ਸੀ ਤੇ ਖੁਸ਼ਹਾਲ ਪਰਿਵਾਰ ਦੀ ਤਰ੍ਹਾਂ ਲੱਗ ਰਿਹਾ ਸੀ।






