ਸਾਡੀ ਪੰਜਾਬ ਦੀ ਵਿਰਾਸਤ ਇੰਨੀ ਅਮੀਰ ਤੇ ਟਿਕਾਊ ਹੈ ਕਿ ਅੱਜ ਦੀ ਪੀੜ੍ਹੀ ਵੀ ਇਸ ਨੂੰ ਮੁੜ ਵੇਖਣ ਲਈ ਉਤਾਵਲੀ ਹੈ। ਇਸ ਦੀ ਮਿਸਾਲ ਮਿਲਦੀ ਹੈ ਦਿੜ੍ਹਬਾ ਨੇੜੇ ਰਾਸ਼ਟਰੀ ਮਾਰਗ ’ਤੇ ਪਿੰਡ ਤੂਰਬੰਜਾਰਾ ਦਾ ਬੱਸ ਅੱਡਾ ਤੇ ਪਿੰਡ ਨੂੰ ਜਾਣ ਵਾਲਾ ਸਵਾਗਤੀ ਗੇਟ ਜੋ ਸਾਡੀ ਇਮਾਰਤੀ ਵਿਰਾਸਤ ਦੇ ਦਰਸ਼ਨ ਕਰਵਾਉਂਦੀ ਹੈ। ਜੇ ਕਦੇ ਵੀ ਸੰਗਰੂਰ ਤੋਂ ਦਿੱਲੀ ਜਾਂ ਜੀਂਦ ਵੱਲ ਜਾਣ ਦਾ ਮੌਕਾ ਮਿਲੇ ਤਾਂ ਦਿੜ੍ਹਬਾ ਸ਼ਹਿਰ ’ਚ ਦਾਖ਼ਲ ਹੋਣ ਤੋਂ ਪਹਿਲਾਂ ਪਿੰਡ ਤੂਰਬੰਜਾਰਾ ਆਉਂਦਾ ਹੈ। ਜੇ ਤੁਸੀਂ ਆਪਣੇ ਨਿੱਜੀ ਵਾਹਨ ’ਤੇ ਸਫਰ ਕਰ ਰਹੇ ਹੋ ਤਾਂ ਅਤੇ ਤੁਹਾਡੀ ਨਜ਼ਰ ਰਾਸ਼ਟਰੀ ਮਾਰਗ ’ਤੇ ਬਣੇ ਬੱਸ ਅੱਡੇ ’ਤੇ ਪੈ ਜਾਵੇ ਤਾਂ ਤੁਸੀਂ ਰੁਕੇ ਬਿਨਾਂ ਅੱਗੇ ਨਹੀਂ ਜਾ ਸਕਦੇ। ਇਹ ਬੱਸ ਅੱਡਾ ਤੇ ਸਵਾਗਤੀ ਗੇਟ ਪੁਰਾਣੀਆਂ ਛੋਟੀਆਂ ਇੱਟਾਂ ਜਿਨ੍ਹਾਂ ਨੂੰ ਹਵੇਲੀਆਂ ਬਣਾਉਣ ’ਚ ਇਸਤੇਮਾਲ ਹੁੰਦਾ ਸੀ, ਦੀ ਵਰਤੋਂ ਕੀਤੀ ਗਈ ਹੈ। ਦਰਵਾਜ਼ਿਆਂ ਨੂੰ ਬੀਮ ਨਹੀਂ ਡਾਟਾਂ ਪਾ ਕੇ ਬਣਾਇਆ ਗਿਆ ਹੈ।
ਬੱਸ ਅੱਡੇ ਦੇ ਅੰਦਰ ਬਾਥਰੂਮ ਤੋਂ ਇਲਾਵਾ ਬੈਠਣ ਲਈ ਸਪੀਲਾਂ ਅਤੇ ਬੈਂਚ ਬਣਾਏ ਗਏ ਹਨ। ਇਸ ਵਿਚ ਕਿਤੇ ਵੀ ਨਵੇਂ ਜ਼ਮਾਨੇ ਦੀਆਂ ਕੰਧ ’ਤੇ ਲਾਉਣ ਵਾਲੀਆਂ ਟਾਇਲਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ। ਬੱਸ ਅੱਡੇ ਅਤੇ ਗੇਟ ਨੂੰ ਜਿੱਥੇ ਸਜਾਵਟ ਪੱਖੋਂ ਅਮੀਰ ਬਣਾਇਆ ਗਿਆ ਹੈ, ਉਥੇ ਹੀ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਫੁੱਲ-ਬੂਟੇ ਵੀ ਲਾਏ ਗਏ ਹਨ ਜਿਸ ਨਾਲ ਪਿੰਡ ਵਿਚ ਦਾਖ਼ਲ ਹੋਣ ਵਾਲੇ ਦਾ ਕੁਦਰਤ ਨਾਲ ਮੇਲ ਹੋ ਜਾਂਦਾ ਹੈ। ਇਸ ਗੱਲ ਤੋਂ ਵੀ ਪਤਾ ਚੱਲਦਾ ਹੈ ਕਿ ਪਿੰਡ ਦੇ ਨੌਜਵਾਨ ਸਰਪੰਚ ਹਰਪ੍ਰੀਤ ਸਿੰਘ ਸਿੱਧੂ ਦੀ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਨਿੱਗਰ ਸੋਚ ਹੈ।
ਵਿਆਹ ਸਮਾਗਮਾਂ ’ਚ ਕੀਤੀ ਜਾਂਦੀ ਹੈ ਫੋਟੋਗ੍ਰਾਫੀ
ਇਸ ਬੱਸ ਅੱਡੇ ਅਤੇ ਸਵਾਗਤੀ ਗੇਟ ਦੀ ਮਹਾਨਤਾ ਇਸ ਗੱਲ ’ਤੇ ਵੀ ਬਣ ਜਾਂਦੀ ਹੈ ਕਿ ਵਰਤਮਾਨ ਸਮੇਂ ਵਿਚ ਚੱਲ ਰਹੇ ਵਿਆਹਾਂ ਤੋਂ ਪਹਿਲਾਂ ਕੀਤੀ ਜਾਂਦੀ ਫੋਟੋਗ੍ਰਾਫੀ ਦੇ ਰੁਝਾਨ ਕਾਰਨ ਇੱਥੇ ਵੀ ਸ਼ੂਟਿੰਗ ਕਰਦੇ ਵੇਖੇ ਗਏ ਹਨ। ਇਸ ਤੋਂ ਇਲਾਵਾ ਰਾਹਗੀਰ ਆਪਣੇ ਵਾਹਨ ਰੋਕ ਕੇ ਸੈਲਫੀਆਂ ਲੈਂਦੇ ਆਮ ਵੇਖੇ ਗਏ ਹਨ।
ਅਲੋਪ ਹੋ ਰਹੀ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਕੀਤਾ ਉਪਰਾਲਾ : ਸਰਪੰਚ
ਪਿੰਡ ਤੂਰਬੰਜਾਰਾ ਦੇ ਨੌਜਵਾਨ ਸਰਪੰਚ ਹਰਪ੍ਰੀਤ ਨਾਲ ਨੇ ਕਿਹਾ ਕਿ ਉਸ ਦੀ ਦਿਲੋਂ ਤਮੰਨਾ ਸੀ ਕਿ ਪੁਰਾਣੀ ਇਮਾਰਤੀ ਵਿਰਾਸਤ ਨੂੰ ਸੰਭਾਲਣ ਲਈ ਕੁਝ ਕੀਤਾ ਜਾਵੇ, ਇਸ ਕਰ ਕੇ ਪਿੰਡ ਦੇ ਸਿਆਣੇ ਲੋਕਾਂ ਨਾਲ ਸੁਲਾਹ-ਮਸ਼ਵਰਾ ਕਰ ਕੇ ਜਿੱਥੇ ਬੱਸ ਅੱਡੇ ਦੀ ਲੋੜ ਨੂੰ ਪੂਰਾ ਕੀਤਾ ਅਤੇ ਇਸ ਵਿਰਾਸਤੀ ਦਿੱਖ ਦੇਣ ਲਈ ਬੀੜਾ ਚੁੱਕਿਆ। ਇਸ ਬੱਸ ਅੱਡੇ ਅਤੇ ਸਵਾਗਤੀ ਗੇਟ ’ਤੇ ਕਰੀਬ 18 ਲੱਖ ਦੀ ਰਾਸ਼ੀ ਖਰਚੀ ਗਈ ਹੈ ਜਿਸ ਵਿਚ ਸਮੁੱਚੀ ਪੰਚਾਇਤ, ਪਿੰਡ ਵਾਸੀ ਅਤੇ ਐੱਨਆਰਆਈ ਵੀਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।






