ਵਿਦੇਸ਼ ਭੇਜਣ ਦੇ ਨਾਂ ’ਤੇ 18.65 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਚਾਰ ਟਰੈਵਲ ਏਜੰਟਾਂ ਖ਼ਿਲਾਫ਼ ਥਾਣਾ ਕੋਟਭਾਈ ਦੀ ਪੁਲੀਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਫਿਲਹਾਲ ਦੋਸ਼ੀ ਫਰਾਰ ਹਨ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਰੇਸ਼ਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕਾਉਣੀ ਨੇ ਦੱਸਿਆ ਕਿ ਉਸ ਦਾ ਲੜਕਾ ਮਨਜੀਤ ਸਿੰਘ ਵਿਦੇਸ਼ ਗਿਆ ਹੋਇਆ ਹੈ। ਇਸ ਸਬੰਧੀ ਉਸ ਨੇ ਏਜੰਟ ਲਖਵਿੰਦਰ ਸਿੰਘ ਪੁੱਤਰ ਗੁਰਦਿੱਤਾ ਸਿੰਘ ਵਾਸੀ ਗੁਰਦਿੱਤਾ ਸਿੰਘ, ਗੁਰਮੇਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਉਣੀ ਅਤੇ ਲਖਵੀਰ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਵਾਰਡ ਨੰਬਰ ਦੋ ਬਰੀਵਾਲਾ ਨਾਲ ਸੰਪਰਕ ਕੀਤਾ। ਏਜੰਟ ਗੁਰਦਿੱਤਾ ਅਤੇ ਲਖਵਿੰਦਰ ਸਿੰਘ ਪਿਓ-ਪੁੱਤ ਹਨ। ਉਕਤ ਵਿਅਕਤੀਆਂ ਨੇ ਉਸ ਦੇ ਲੜਕੇ ਨੂੰ ਪੁਰਤਗਾਲ ਭੇਜਣ ਲਈ ਉਸ ਤੋਂ 18.65 ਲੱਖ ਰੁਪਏ ਲੈ ਲਏ। ਪਰ ਹੁਣ ਤੱਕ ਉਸ ਦੇ ਲੜਕੇ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਜਾ ਰਹੇ ਹਨ। ਜਿਸ ਕਾਰਨ ਉਸ ਨੇ ਤੰਗ ਆ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਡੀਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।






