ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਨੂੰ ਜਰਨਲ ਸਕੱਤਰ ਚੁਣ ਲਿਆ ਗਿਆ ਹੈ। ਲਾਹੌਰ ’ਚ ਹੋਈ ਮੀਟਿੰਗ ’ਚ ਕ੍ਰਮਵਾਰ ਦੋਵਾਂ ਆਗੂਆਂ ਦੇ ਨਾਂ ਪੇਸ਼ ਹੋਏ ਜਿਨ੍ਹਾਂ ਨੂੰ ਜੈਕਾਰਿਆਂ ਦੀ ਗੂੰਜ ’ਚ ਪ੍ਰਵਾਨਗੀ ਦਿੱਤੀ ਗਈ। ਰਾਮੇਸ਼ ਸਿੰਘ ਅਰੋੜਾ ਨੇ ਭਾਰਤ ਵਿਚਲੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਦੁਨੀਆ ਭਰ ਦੇ ਸਿੱਖਾਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਕੱਢਣ ਲਈ ਇਕ ਪਲੇਟਫਾਰਮ ’ਤੇ ਇਕਲਿਆਂ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ’ਤੇ ਪਹਿਰਾ ਦਿੰਦੀ ਰਹੇਗੀ। ਅਰੋੜਾ ਨੇ ਕਿਹਾ ਕਿ ਸਾਡੀ ਟੀਮ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਪਾਕਿਸਤਾਨ ਦੇ ਅਮੀਰ ਸਿੱਖ ਵਿਰਸੇ ਨਾਲ ਜੋੜਨ ਲਈ ਯਤਨਸ਼ੀਲ ਰਹੇਗੀ। ਉਨ੍ਹਾਂ ਕਿਹਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਮੇਸ਼ਾ ਹੀ ਵੱਡੇ ਭਰਾ ਦਾ ਦਰਜਾ ਦਿੱਤਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਪੰਥ ਦੀ ਚੜ੍ਹਦੀਕਲਾ ਲਈ ਕੰਮ ਕਰੇ। ਉਨ੍ਹਾਂ ਕਿਹਾ ਕਿ ਅਸੀੱ ਪਾਕਿਸਤਾਨ ’ਚ ਵਸਦੇ ਸਿੱਖਾਂ ਦੇ ਮਸਲਿਆਂ ਦੇ ਹਲ ਲਈ ਫੈਡਰਲ ਸਰਕਾਰ ਤੇ ਸੂਬਾ ਸਰਕਾਰ ਦਾ ਸਹਿਯੋਗ ਲਵਾਂਗੇ। ਅਰੋੜਾ ਨੇ ਦਸਿਆ ਕਿ ਜਿਵੇਂ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਬੀਬੀ ਮਰੀਅਮ ਨਵਾਜ਼ ਸੇਵਾ ਕਰ ਰਹੇ ਹਨ ਠੀਕ ਉਸੇ ਤਰ੍ਹਾਂ ਨਾਲ ਅਸੀਂ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਰਨਲ ਸਕੱਤਰ ਦੀ ਜ਼ਿੰਮੇਵਾਰੀ ਬੀਬੀ ਸਤਵੰਤ ਕੌਰ ਨੂੰ ਦਿੱਤੀ ਗਈ ਹੈ।







