ਸਰਕਾਰੀ ਰਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖਲ ਮਰੀਜ਼ ਦੀ ਕੁਝ ਵਿਅਕਤੀਆਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ‘ਚ ਸੁਰੱਖਿਆ ਮੁਲਾਜ਼ਮਾਂ ਦੀ ਹਾਜ਼ਰੀ ‘ਚ ਹੋਈ ਗੁੰਡਾਗਰਦੀ ਤੋਂ ਬਾਅਦ ਡਾਕਟਰ ਤੇ ਸਟਾਫ ਦਹਿਸ਼ਤ ਦੇ ਮਾਹੌਲ ‘ਚ ਹਨ। ਦੂਸਰੇ ਪਾਸੇ ਪੁਲਿਸ ਵਲੋਂ ਪੀੜਤ ਦੇ ਬਿਆਨ ਦਰਜ ਕਰ ਕੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਹਸਪਤਾਲ ਵਿਚ ਦਾਖਲ ਪੀੜਤ ਨੌਜਵਾਨ ਦੀ ਪਛਾਣ ਅਕਸ਼ੇ ਕੁਮਾਰ ਵਜੋਂ ਹੋਈ ਹੈ ਜਿਸ ਨੇ ਦੱਸਿਆ ਕਿ 26 ਫਰਵਰੀ ਦੀ ਰਾਤ ਕਰੀਬ ਨੌਂ ਵਜੇ ਉਹ ਆਪਣੇ ਸਾਥੀਆਂ ਨਾਲ ’ਤੇ ਸਵਾਰ ਹੋ ਕੇ ਘਰ ਵੱਲ ਜਾ ਰਿਹਾ ਸੀ।
ਰੋਹਿਤ ਨੇ ਦੱਸਿਆ ਕਿ ਆਪਣੀ ਪਤਨੀ, ਦੋਸਤ ਅਕਸ਼ੇ ਤੇ ਹਿਮਾਂਸ਼ੂ ਨਾਲ ਪੋਲੋ ਗਰਾਉਂਡ ਤੋਂ ਘਰ ਛੱਡਣ ਜਾ ਰਹੇ ਸੀ। ਰਸਤੇ ਵਿਚ ਕੁਝ ਵਿਅਕਤੀ ਕਾਰ ਵਿਚ ਸ਼ਰਾਬ ਪੀ ਰਹੇ ਸਨ। ਆਪਣੀ ਕਾਰ ਅੱਗੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਰਸਤਾ ਨਹੀਂ ਮਿਲਿਆ। ਇਸੇ ਦੌਰਾਨ ਹੀ ਕਾਰ ਵਿਚ ਬੈਠੇ ਇਕ ਵਿਅਕਤੀ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ। ਅਕਸ਼ੇ ਜ਼ਿਆਦਾ ਜ਼ਖ਼ਮੀ ਹੋ ਗਿਆ, ਜਿਸਦੇ ਸਿਰ ’ਤੇ ਅੱਠ ਟਾਂਕੇ ਲੱਗੇ ਹਨ ਜਿਸਨੂੰ ਸਰਕਾਰ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਪਰ ਹਮਲਾਵਰ ਉਥੇ ਵੀ ਪੁੱਜ ਗਏ। ਰੋਹਿਤ ਨੇ ਕਿਹਾ ਕਿ ਹਮਲਾਵਰ ਕੁੱਟਮਾਰ ਕਰਕੇ ਧਮਰੀਆਂ ਵੀ ਦੇ ਕੇ ਗਏ ਹਨ, ਜਿਸ ਨਾਲ ਪੂਰਾ ਪਰਿਵਾਰ ਸਹਿਮ ਦੇ ਮਾਹੌਲ ਵਿਚ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸੁਰੱਖਿਆ ਮਾਹੌਲ ਮਿਲ ਸਕੇ।
ਹਸਪਤਾਲ ’ਚ ਹਮਲੇ ਦੀ ਵੀਡੀਓ ਆਈ ਸਾਹਮਣੇ
ਹਸਪਤਾਲ ਵਿਚ ਹੋਏ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਰਾਤ ਸਮੇਂ ਐਮਰਜੈਂਸੀ ਦੇ ਕਮਰਾ ਨੰਬਰ ਨੌਂ ਵਿਚ ਕੁਝ ਵਿਅਕਤੀ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ। ਦਾਖਲ ਮਰੀਜ਼ ਦੀ ਪਛਾਣ ਕਰ ਕੇ ਇਕ ਇਕ ਕਰਕੇ ਕਈ ਨੌਜਵਾਨਾਂ ਵਲੋਂ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ। ਇਹ ਗੁੰਡਾਗਰਦੀ ਡਾਕਟਰਾਂ, ਸਟਾਫ ਤੇ ਸੁਰੱਖਿਆ ਮੁਲਾਜ਼ਮਾਂ ਦੀ ਹਾਜ਼ਰੀ ‘ਚ ਹੀ ਹੋਈ ਹੈ। ਸਰਕਾਰੀ ਹਸਪਤਾਲ ‘ਚ ਹੋਈ ਇਸ ਵਾਰਦਾਤ ਤੋਂ ਬਾਅਦ ਡਾਕਟਰ ਤੇ ਸਟਾਫ ਵੀ ਸਹਿਮ ਦੇ ਮਾਹੌਲ ਵਿਚ ਹਨ। ਸਟਾਫ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲ ਦੇ ਐਮਰਜੈਂਸ ਵਾਰਡ ਵਿਚ ਹੀ ਅਜਿਹੀ ਘਟਨਾ ਹੋਣਾ ਮੰਦਭਾਗਾ ਹੈ, ਜੇਕਰ ਹਮਲਾਵਰ ਹਥਿਆਰਾਂ ਨਾਲ ਲੈਸ ਹੁੰਦੇ ਤਾਂ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਸੀ। ਇਸ ਲਈ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਪ੍ਰਤੀ ਪੁਲਿਸ ਤੇ ਹਸਪਤਾਲ ਪ੍ਰਸਾਸ਼ਨ ਨੂੰ ਗੰਭੀਰ ਹੋਣ ਦੀ ਲੋੜ ਹੈ।






