ਸੀਮਾ ਸੁਰੱਖਿਆ ਬਲ ਤੇ ਜ਼ਿਲ੍ਹਾ ਦਿਹਾਤੀ ਦੇ ਸਪੈਸ਼ਲ ਸੈੱਲ ਨੇ ਪਿੰਡ ਗਾਲੂਵਾਲ ਦੇ ਖੇਤਾਂ ਵਿੱਚੋਂ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਆਈ ਸੀ। ਪੰਜਾਬ ਪੁਲਿਸ ਅਤੇ ਬੀਐਸਐਫ ਨੂੰ ਇਸ ਖੇਪ ਦੇ ਆਉਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਦੋਂ ਦੋਵਾਂ ਨੇ ਸਾਂਝੀ ਚੈਕਿੰਗ ਕੀਤੀ ਤਾਂ ਖੇਤਾਂ ਵਿੱਚੋਂ ਪੰਜ ਕਿਲੋ ਹੈਰੋਇਨ ਦਾ ਵੱਡਾ ਪੈਕੇਟ ਬਰਾਮਦ ਹੋਇਆ। ਫਿਲਹਾਲ ਪੁਲਿਸ ਨੇ ਅਣਪਛਾਤੇ ਤਸਕਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਦਿਹਾਤੀ ਦੇ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੁਹਾਵਾ ਤੋਂ ਗਾਲੂਵਾਲ ਨੂੰ ਜਾਂਦੇ ਰਸਤੇ ‘ਤੇ ਗੁਰਦੁਆਰੇ ਤੋਂ ਥੋੜ੍ਹੀ ਦੂਰੀ ‘ਤੇ ਗਲੂਵਾਲ ਵਾਲੇ ਪਾਸੇ ਖੇਤਾਂ ‘ਚ ਡਰੋਨ ਰਾਹੀਂ ਹੈਰੋਇਨ ਸੁੱਟੀ ਗਈ ਹੈ। ਇਸ ਦੇ ਆਧਾਰ ‘ਤੇ ਬੀ.ਐੱਸ.ਐੱਫ ਦੇ ਨਾਲ ਮਿਲ ਕੇ ਖੇਤਾਂ ‘ਚ ਜਾ ਕੇ ਚੈਕਿੰਗ ਕੀਤੀ ਗਈ ਤਾਂ ਖੇਤਾਂ ‘ਚੋਂ ਟੇਪ ਨਾਲ ਲਪੇਟਿਆ ਹੋਇਆ ਇਕ ਵੱਡਾ ਪੈਕੇਟ ਬਰਾਮਦ ਹੋਇਆ।ਜਦੋਂ ਇਸ ਦੀ ਤੋਲ ਕੀਤੀ ਗਈ ਤਾਂ ਉਸ ‘ਚੋਂ 5 ਕਿੱਲੋ ਹੈਰੋਇਨ ਬਰਾਮਦ ਹੋਈ। ਹੈਰੋਇਨ ਦੇ ਪੈਕੇਟ ਦੇ ਨਾਲ-ਨਾਲ ਹਥਿਆਰ ਵੀ ਬਰਾਮਦ ਕੀਤਾ ਗਿਆ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਹੀਰੋਇਨ ਦਾ ਪੈਕੇਟ ਡਰੋਨ ਤੋਂ ਹੀ ਸੁੱਟਿਆ ਗਿਆ ਸੀ। ਐਸਐਸਪੀ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਤਸਕਰਾਂ ਦੀ ਪਛਾਣ ਕਰਨ ਲਈ ਟੈਕਨੀਕਲ ਸੈੱਲ ਅਤੇ ਮਨੁੱਖੀ ਖੁਫ਼ੀਆ ਤੰਤਰ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ।






