ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਡੇਅਰੀਵਾਲ ਕਿਰਨ ਦੇ ਨੌਜਵਾਨ ਗਗਨਦੀਪ ਸਿੰਘ ਜਿਸ ਨੂੰ ਰੂਸੀ ਫੌਜ ਵੱਲੋਂ ਜਬਰਨ ਫੌਜ ‘ਚ ਭਰਤੀ ਕਰ ਕੇ ਯੂਕਰੇਨ ਦੀ ਜੰਗ ਲਈ ਭੇਜਿਆ ਗਿਆ ਹੈ, ਦੇ ਪਰਿਵਾਰ ਦੀ ਹੌਸਲਾ-ਅਫਜ਼ਾਈ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ੁੱਕਰਵਾਰ ਨੂੰ ਪਿੰਡ ਡੇਅਰੀਵਾਲ ਕਿਰਨ ਵਿਖੇ ਪਹੁੰਚੇ। ਉਨ੍ਹਾਂ ਵੱਲੋਂ ਗਗਨਦੀਪ ਦੇ ਪਿਤਾ ਬਲਵਿੰਦਰ ਸਿੰਘ ਤੇ ਮਾਂ ਨੂੰ ਮਿਲ ਕੇ ਵਿਸ਼ਵਾਸ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਰੂਸ ‘ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਦੀ ਹੌਸਲਾ-ਅਫਜ਼ਾਈ ਲਈ ਭੇਜਿਆ ਗਿਆ ਹੈ।
ਇਸ ਮੌਕੇ ਉਨ੍ਹਾਂ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਤੁਰੰਤ ਵਤਨ ਲਿਆਂਦਾ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰੂਸੀ ਫੌਜ ਵੱਲੋਂ ਭਰਤੀ ਕੀਤੇ ਗਏ ਨੌਜਵਾਨਾਂ ਦੀ ਭਾਲ ਯੂਕਰੇਨ ‘ਚ ਕਰਵਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਚੇਅਰਮੈਨ ਰਣਜੇਤ ਸਿੰਘ ਬਾਠ, ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ ਬਲਾਕ ਪ੍ਰਧਾਨ ਆਦਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਮੌਜੂਦ ਸਨ






