ਜੇਲ੍ਹ ਵਿਚ ਬੰਦ ਗੈਂਗਸਟਰ ਭੁੱਪੀ ਰਾਣਾ ਦੀ ਹੱਤਿਆ ਲਈ ਚੰਡੀਗੜ੍ਹ ਆਏ ਦੋ ਸ਼ੂਟਰ ਤੇ ਉਨ੍ਹਾਂ ਦੇ ਇਕ ਸਹਿਯੋਗੀ ਨੂੰ ਕ੍ਰਾਈਮ ਬਰਾਂਚ ਨੇ ਸੈਕਟਰ-43 ਸਥਿਤ ਅਦਾਲਤ ਕੰਪਲੈਕਸ ਨੇੜਿਓਂ ਗਿ੍ਰਫਤਾਰ ਕੀਤਾ ਸੀ ਤੇ ਉਨ੍ਹਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਸਨ। ਹੁਣ ਪੁਲਿਸ ਇਨ੍ਹਾਂ ਖ਼ਿਲਾਫ਼ ਯੂਏਪੀਏ ਤਹਿਤ ਕਾਰਵਾਈ ਕੀਤੀ ਜਾਵੇਗੀ। ਸੰਨੀ ਉਰਫ ਸਚਿਨ ਉਰਫ ਮੈਡੀ ਮਨਚੰਦਾ, ਉਮੰਗ, ਕੈਲਾਸ਼ ਗੌਤਮ ਉਰਫ ਟਾਈਗਰ, ਮਾਇਆ ਉਰਫ ਕਸ਼ਿਸ਼ ਉਰਫ ਪੂਜਾ ਸ਼ਰਮਾ, ਅਨਮੋਲਪ੍ਰੀਤ ਤੇ ਪਰਮਿੰਦਰ ਸਿੰਘ ’ਤੇ ਇਹ ਐਕਟ ਲਾਇਆ ਜਾਵੇਗਾ। ਹਾਲਾਂਕਿ ਯੂਏਪੀਏ ਐਕਟ ਦੇਸ਼ ਵਿਰੋਧੀ ਸਰਗਰਮੀਆਂ ਕਰਨ ਵਾਲੇ ਅਨਸਰਾਂ ’ਤੇ ਲਾਇਆ ਜਾਂਦਾ ਹੈ। ਭੁੱਪੀ ਰਾਣਾ ਦੀ ਹੱਤਿਆ ਕਰਨ ਲਈ ਜਿਹੜੇ ਸ਼ੂਟਰ ਚੰਡੀਗੜ੍ਹ ਆਏ ਸਨ, ਉਹ ਸਿੱਧੇ ਤੌਰ ’ਤੇ ਗੋਲਡੀ ਬਰਾੜ ਨਾਲ ਜੁੜੇ ਹੋਏ ਸਨ ਜਦਕਿ ਗੋਲਡੀ ਬਰਾੜ ਨੂੰ ਸਰਕਾਰ ਨੇ ਅੱਤਵਾਦੀ ਐਲਾਨਿਆ ਹੋਇਆ ਹੈ। ਚੰਡੀਗੜ੍ਹ ਵਿਚ ਰਹਿਣ ਦੌਰਾਨ ਸ਼ੂਟਰਾਂ ਨੂੰ ਗੋਲਡੀ ਬਰਾੜ ਤੋਂ ਸਿੱਧੇ ਦਿਸ਼ਾ-ਨਿਰਦੇਸ਼ ਮਿਲ ਰਹੇ ਸਨ।
ਅੱਤਵਾਦੀ ਗੋਲਡੀ ਬਰਾੜ ਦੇ ਖਾਸ ਸ਼ੂਟਰ ਦੀ ਕੁਝ ਦਿਨ ਪਹਿਲਾਂ ਹੱਤਿਆ ਹੋ ਗਈ ਸੀ। ਉਸ ਦੀ ਲਾਸ਼ ਯਮੁਨਾਨਗਰ ਵਿਚ ਨਹਿਰ ’ਚੋਂ ਮਿਲੀ ਸੀ। ਗੋਲਡੀ ਬਰਾੜ ਨੂੰ ਲੱਗਦਾ ਸੀ ਕਿ ਉਸ ਦੀ ਹੱਤਿਆ ਭੁੱਪੀ ਰਾਣਾ ਨੇ ਕਰਵਾਈ ਹੈ। ਇਸੇ ਕਾਰਨ ਉਹ ਭੁੱਪੀ ਰਾਣਾ ਤੋਂ ਕਾਫੀ ਨਾਰਾਜ਼ ਸੀ ਤੇ ਉਸ ਦੀ ਹੱਤਿਆ ਦੀ ਯੋਜਨਾ ਬਣਾਈ ਗਈ। ਇਸ ਲਈ ਰੋਹਤਕ ਤੋਂ ਸਚਿਨ ਤੇ ਉਮੰਗ ਨੂੰ ਬੁਲਾਇਆ ਗਿਆ ਸੀ। ਦੋਵੇਂ ਹੀ ਗੋਲਡੀ ਬਰਾੜ ਦੇ ਸ਼ੂਟਰ ਹਨ। ਉਨ੍ਹਾਂ ਦੀ ਮਦਦ ਲਈ ਰਾਜਸਥਾਨ ਤੋਂ ਮਾਇਆ ਨੂੰ ਬੁਲਾਇਆ ਗਿਆ ਸੀ। ਉਸ ਨੇ ਵੀ ਭੁੱਪੀ ਰਾਣਾ ’ਤੇ ਗੋਲੀ ਚਲਾਉਣੀ ਸੀ।
ਭੁੱਪੀ ਰਾਣਾ ਹੀ ਹੱਤਿਆ ਕਰਨ ਲਈ ਪੁੱਜੇ ਗੈਂਗਸਟਰਾਂ ਨੂੰ ਪੁਲਿਸ ਨੇ ਫੜਿਆ ਸੀ। ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਖ਼ਿਲਾਫ਼ ਯੂਏਪੀਏ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
-ਕੇਤਨ ਬਾਂਸਲ, ਐੱਸਪੀ ਕ੍ਰਾਈਮ ਬਰਾਂਚ, ਚੰਡੀਗੜ੍ਹ।






