ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦਿਆਂ 50 ਸਾਲ ਦੇ ਵਿਅਕਤੀ ਨੇ ਢਾਈ ਸਾਲ ਦੀ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂl ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਰਾਮਗੜ੍ਹ ਰੋਡ ਦੇ ਰਹਿਣ ਵਾਲੇ ਮੁਲਜ਼ਮ ਅਮਰਜੀਤ ਸਿੰਘ ਨੂੰ ਕਾਬੂ ਕਰ ਕੇ ਉਸ ਖਿਲਾਫ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਏਐਸਆਈ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮ ਨੂੰ ਸ਼ਨੀਚਰਵਾਰ ਦੁਪਹਿਰ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰੇਗੀ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਢਾਈ ਸਾਲ ਦੀ ਬੇਟੀ ਗਲੀ ਵਿੱਚ ਖੇਡ ਰਹੀ ਸੀ। ਕੁਝ ਸਮੇਂ ਬਾਅਦ ਔਰਤ ਨੂੰ ਜਦ ਬੱਚੀ ਨਾ ਦਿਖਾਈ ਦਿੱਤੀ ਤਾਂ ਉਸਨੇ ਲੜਕੀ ਦੀ ਤਲਾਸ਼ ਸ਼ੁਰੂ ਕੀਤੀl ਔਰਤ ਨੇ ਦੇਖਿਆ ਕਿ ਉਸ ਦੇ ਘਰ ਦੇ ਕੋਲ ਹੀ ਰਹਿਣ ਵਾਲਾ ਅਮਰਜੀਤ ਸਿੰਘ ਬੱਚੀ ਨੂੰ ਗੋਦੀ ਵਿੱਚ ਚੁੱਕ ਕੇ ਲਿਆ ਰਿਹਾ ਸੀ l ਘਰ ਪਹੁੰਚਣ ਤੇ ਬੱਚੀ ਨੇ ਮਾਂ ਨੂੰ ਜੋ ਕੁਝ ਦੱਸਿਆ ਉਹ ਸੁਣ ਕੇ ਔਰਤ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ l ਮਾਸੂਮ ਨੇ ਤੋਤਲੀ ਆਵਾਜ਼ ਵਿੱਚ ਅਮਰਜੀਤ ਸਿੰਘ ਦੀ ਇੱਕ ਇੱਕ ਸ਼ਰਮਨਾਕ ਹਰਕਤ ਬਾਰੇ ਜਾਣਕਾਰੀ ਦਿੱਤੀ l ਔਰਤ ਨੇ ਇਹ ਮਾਮਲਾ ਥਾਣਾ ਸਾਹਨੇਵਾਲ ਦੀ ਪੁਲਿਸ ਤੇ ਧਿਆਨ ਵਿੱਚ ਲਿਆਂਦਾl ਸੂਚਨਾ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਮੁਲਜ਼ਮ ਅਮਰਜੀਤ ਸਿੰਘ ਨੂੰ ਹਿਰਾਸਤ ਵਿੱਚ ਲਿਆl ਜਾਂਚ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜਮ ਅਮਰਜੀਤ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹੈਵਾਨੀਅਤ ਭਰੀ ਇਸ ਹਰਕਤ ਨੂੰ ਅੰਜਾਮ ਦੇਣ ਵਾਲੇ ਅਮਰਜੀਤ ਸਿੰਘ ਦੇ ਆਪਣੇ ਵੀ ਦੋ ਬੱਚੇ ਹਨl






