ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਘੱਟ ਗਿਣਤੀ ਵਾਲੇ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਤਜਵੀਜ਼ ਕੀ ਰੱਖ ਦਿੱਤੀ, ਪੂਰੇ ਸੂਬੇ ਦਾ ਸਿਆਸੀ ਪਾਰਾ ਉਬਾਲ਼ੇ ਖਾਣ ਲੱਗ ਪਿਆ। ਖ਼ਾਸ ਕਰਕੇ ਅਧਿਆਪਕ ਜਥੇਬੰਦੀਆਂ ਨੇ ਤਾਂ ਇਸ ਨੂੰ ਵੱਡਾ ਮੁੱਦਾ ਬਣਾ ਕੇ ਤਿੱਖੇ ਸੰਘਰਸ਼ ਉਲੀਕਣ ਦਾ ਐਲਾਨ ਕਰ ਦਿੱਤਾ। ਕੀ ਸਰਕਾਰ ਧੱਕਾ ਕਰਨ ਜਾ ਰਹੀ ਹੈ ? ਤੇ ਅਧਿਆਪਕਾਂ ਯੂਨੀਅਨਾਂ ਦੇ ਸੰਘਰਸ਼ ਦਾ ਫ਼ੈਸਲਾ ਜਾਇਜ਼ ਹੈ ? ਕੀ ਸੱਚੀਂ ਵਿਦਿਆਰਥੀਆਂ ਦੀ ਘੱਟ ਗਿਣਤੀ ਕਰਕੇ ਸਰਕਾਰ ਨੂੰ ਵੱਡੇ ਵਿੱਤੀ ਘਾਟੇ ਤੋਂ ਦੋ-ਚਾਰ ਹੋਣਾ ਪੈ ਰਿਹਾ ਹੈ ? ‘ਪੰਜਾਬੀ ਜਾਗਰਣ’ ਨੇ ਇਸ ਪੂਰੇ ਮਸਲੇ ’ਤੇ ਖੋਜ ਭਰਪੂਰ ਰਿਪੋਰਟਾਂ ਦੀ ਪਹਿਲਕਦਮੀ ਕਰਨ ਦਾ ਬੀੜਾ ਚੁੱਕਿਆ ਹੈ। ਅਸੀਂ ਜ਼ਿਲ੍ਹੇ ਦੇ 8 ਸਿੱਖਿਆ ਬਲਾਕਾਂ ਦੇ ਸਕੂਲਾਂ ’ਚ ਅਕਾਦਮਿਕ ਸਾਲ 2023-24 ਦੇ ਦਾਖ਼ਲਿਆਂ ਦਾ ਨਿਰੀਖਣ ਕੀਤਾ ਤਾਂ ਪਤਾ ਚੱਲਿਆ ਕਿ ਦਾਖ਼ਲਿਆਂ ਦੇ ਹਾਲ ਬਹੁਤੇ ਮਾੜੇ ਹਨ।
76 ਸਕੂਲਾਂ ’ਚ ਤੈਅ ਗਿਣਤੀ ਤੋਂ ਜ਼ਿਆਦਾ ਅਧਿਆਪਕ
ਐੱਸਏਐੱਸ ਨਗਰ ਦੇ ਸਕੂਲਾਂ ਨੂੰ 8 ਸਿੱਖਿਆ ਬਲਾਕਾਂ ਵਿਚ ਵੰਡਿਆ ਗਿਆ ਹੈ। ਅੰਕੜੇ ਖੰਘਾਲਣ ਤੋਂ ਪਤਾ ਲੱਗਦਾ ਹੈ ਕਿ ਸਾਰੇ ਹੀ ਬਲਾਕਾਂ ਦੇ ਮਿਡਲ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਤੇ ਰੈਸ਼ਨੇਲਾਈਜੇਸ਼ਨ ਨੀਤੀ ਅਨੁਸਾਰ ਅਧਿਆਪਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ। ਜ਼ਿਲ੍ਹੇ ਵਿਚ 80 ਫ਼ੀਸਦੀ ਸਕੂਲਾਂ ਵਿਚ ਤਾਂ ਅਧਿਆਪਕ-ਵਿਦਿਆਰਥੀ ਅਨੁਪਾਤ ਦੇ ਤੱਪੜ ਰੁਲ਼ੇ ਹੋਏ ਹਨ। ਜ਼ਿਲ੍ਹੇ ਦੇ ਕੁੱਲ ਸਕੂਲਾਂ ਵਿਚੋਂ 9 ਸਕੂਲ ਅਜਿਹੇ ਹਨ ਜਿੱਥੇ ਵਿਦਿਆਰਥੀਆਂ ਦੀ ਗਿਣਤੀ ਨੂੰ ਮਹੱਈਆ ਅਧਿਆਪਕਾਂ ਦੀ ਤਾਦਾਦ ਰੈਸ਼ਨੇਲਾਈਜੇਸ਼ਨ ਨੀਤੀ ’ਚ ਦਰਸਾਏ ਨਿਯਮਾਂ ਦੀ ਕਸੌਟੀ ’ਤੇ ਬਿਲਕੁਲ ਖਰੀ ਨਹੀਂ ਉਤਰਦੀ। ਹੁਣ ਸਿੱਖਿਆ ਵਿਭਾਗ ਨੇ ਇਸ ਮਸਲੇ ’ਤੇ ਵੱਡਾ ਫ਼ੈਸਲਾ ਲੈਂਦਿਆਂ ਇਨ੍ਹਾਂ ਸਕੂਲਾਂ ਦਾ ਰਲੇਵਾਂ ਕਰਕੇ ਵੱਡਾ ਸਕੂਲ ਬਣਾਉਣ ਦੀ ਪਹਿਲਕਦਮੀ ਰੱਖੀ ਹੈ।
18 ਸਕੂਲਾਂ ’ਚ ਇਕ ਜਮਾਤ ’ਚ ਦਹਾਈ ਤੋਂ ਘੱਟ ਵਿਦਿਆਰਥੀ
ਹਾਲਾਤ ਐਨੇ ਜ਼ਿਆਦਾ ਨਾਜ਼ੁਕ ਹਨ ਕਿ 18 ਸਕੂਲਾਂ ਵਿਚ ਤਾਂ ਇਕ ਜਮਾਤ ’ਚ ਵਿਦਿਆਰਥੀਆਂ ਦੀ ਗਿਣਤੀ ਦਹਾਈ ਦਾ ਅੰਕੜਾ ਵੀ ਪਾਰ ਨਹੀਂ ਸਕੀ। ਮਾਜਰੀ ਬਲਾਕ ਦਾ ਸਰਕਾਰੀ ਮਿਡਲ ਸਕੂਲ ਮਲਕਪੁਰ ਇਸ ਦੀ ਪ੍ਰਤੱਖ ਉਦਾਹਰਣ ਹੈ। ਇਹ ਜ਼ਿਲ੍ਹੇ ਦਾ ਇਲਕੌਤਾ ਅਜਿਹਾ ਸਕੂਲ ਹੈ ਜਿੱਥੇ ਛੇਵੀਂ, ਸੱਤਵੀਂ ਤੇ ਅੱਠਵੀਂ ਜਮਾਤ ਦੇ ਕੇਵਲ 14 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ 4 ਅਧਿਆਪਕ ਆਉਂਦੇ ਹਨ। ਇਸ ਸਕੂਲ ਵਿਚ ਛੇਵੀਂ ਜਮਾਤ ਵਿਚ ਸਿਰਫ਼ 2 ਤੇ ਸੱਤਵੀਂ ਅੱਠਵੀਂ ਵਿਚ ਕ੍ਰਮਵਾਰ 5 ਤੇ 7 ਵਿਦਿਆਰਥੀ ਹਨ। ਇਸੇ ਬਲਾਕ ਦਾ ਪਿੰਡ ਮਿਰਜ਼ਾਪੁਰ ਦਾ ਮਿਡਲ ਸਕੂਲ ਵਿਚ 18 ਵਿਦਿਅਰਥੀ ਵਾਲਾ ਦੂਜਾ ਸਭ ਤੋਂ ਘੱਟ ਗਿਣਤੀ ਵਾਲਾ ਸਕੂਲ ਹੈ ਜਿੱਥੇ 4 ਅਧਿਆਪਕਾਵਾਂ ਪੜ੍ਹਾਉਂਦੀਆਂ ਹਨ।
ਹੋ ਰਹੀ ਹੈ ਸਰਕਾਰੀ ਸਰੋਤਾਂ ਦੀ ਦੁਰਵਰਤੋਂ
ਸਿੱਖਿਆ ਵਿਭਾਗ ਵੱਲੋਂ ਬਣਾਏ ਨਿਯਮਾਂ ਅਨੁਸਾਰ ਇਕ 45 ਵਿਦਿਆਰਥੀਆਂ ਦੀ ਗਿਣਤੀ ਨਾਲ ਇਕ ਸੈਕਸ਼ਨ ਮੁਕੰਮਲ ਹੁੰਦਾ ਹੈ। ਭਾਵ ਅਧਿਆਕਪਕ ਦੀ ਕਲਾਸ ਵਿਚ ਘੱਟੋ-ਘੱਟ 45 ਵਿਦਿਆਰਥੀ ਹੋਣੇ ਚਾਹੀਦੇ ਹਨ। ਜੇਕਰ ਕਿਸੇ ਸਕੂਲ ਵਿਚ ਕੁੱਲ ਵਿਦਿਆਰਥੀ ਹੀ 45 ਨਹੀਂ ਹਨ ਤਾਂ ਉੱਥੇ ਸੈਕਸ਼ਨ ਕਿਵੇਂ ਬਣੇਗਾ ਤੇ ਸਰਕਾਰੀ ਸਰੋਤਾਂ ਦਾ ਨੁਕਸਾਨ ਹੋਵੇਗਾ। ਇਸ ਵੇਲੇ ਅੱਠਵੀਂ ਜਮਾਤ ਦੇ ਵਿਦਿਆਰਥੀ ਘੱਟੋ-ਘੱਟ 6 ਵਿਸ਼ੇ ਪੜ੍ਹਦੇ ਹਨ (ਕੰਪਿਊਟਰ ਤੇ ਸਰੀਰਕ ਸਿੱਖਿਆ ਤੋਂ ਇਲਾਵਾ) ਤੇ ਇਨ੍ਹਾਂ ਨੂੰ 6 ਅਧਿਆਪਕ ਤਾਂ ਦੇਣੇ ਹੀ ਜ਼ਰੂਰੀ ਹਨ। ਜੇਕਰ ਸਰਵਪੱਖੀ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਕੰਪਿਊਟਰ, ਸਿਹਤ ਤੇ ਸਰੀਰਕ ਸਿੱਖਿਆ ਦਾ ਅਧਿਆਪਕ ਹੋਣਾ ਵੀ ਜ਼ਰੂਰੀ ਹੈ। ਸਾਲ 2019 ਤਕ ਇਨ੍ਹਾਂ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ 6 ਤਕ ਰਹੀ। ਬਾਅਦ ਵਿਚ ਇਹ ਗਿਣਤੀ ਘੱਟ ਕਰਕੇ ਚਾਰ ਕਰ ਦਿੱਤੀ ਗਈ ਹੈ ਤੇ ਹੁਣ ਤਕ ਚਾਰ ਹੀ ਟੀਚਰ ਪੜ੍ਹਾਉਣ ਆਉਂਦੇ ਹਨ। ਜੇਕਰ ਅਨੁਪਾਤ ਮੁਤਾਬਕ ਗੱਲ ਕੀਤੀ ਜਾਵੇ ਤਾਂ ਚਾਰ ਅਧਿਆਪਕ 180 ਵਿਦਿਆਰਥੀਆਂ ਨੂੰ ਪੜ੍ਹਾਉਣ ਤਾਂ ਰੇਸ਼ੋ ਸਹੀ ਬੈਠਦੀ ਹੈ ਪਰ ਜੇਕਰ ਸਕੂਲ ਵਿਚ ਵਿਦਿਆਰਥੀ ਹੀ 14 ਜਾਂ 18 ਹਨ ਤਾਂ ਸਰੋਤਾਂ ਦੀ ਨਾਜਾਇਜ਼ ਵਰਤੋਂ ਹੀ ਕਹੀ ਜਾਵੇਗੀ।
30 ਜਾਂ ਇਸ ਤੋਂ ਘੱਟ ਵਿਦਿਆਰਥੀਆਂ ਵਾਲੇ ਸਕੂਲ
ਸਕੂਲ ਦਾ ਨਾਂ————————ਵਿਦਿਆਰਥੀ————————ਅਧਿਆਪਕ
ਮਲਕਪੁਰ————————14————————4
ਮਿਰਜ਼ਾਪੁਰ————————18————————4
ਥਾਣਾ ਗੋਬਿੰਦਗੜ੍ਹ————————21————————4
ਫ਼ਤਹਿਗੜ੍ਹ ਟੱਪਰੀਆਂ————————22————————4
ਝੰਡੇਮਾਜਰਾ————————30————————4
ਫ਼ਤਹਿਗੜ੍ਹ————————25————————4
ਮਾਛੀਪਰ————————25————————4






