ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਬੈਟਿਕ ਏਅਰ ਦੀ ਉਡਾਣ ’ਚ ਇਕ ਯਾਤਰੀ ਕੋਲੋਂ ਕਸਟਮ ਵਿਭਾਗ ਵੱਲੋਂ 1600 ਗ੍ਰਾਮ ਸ਼ੁੱਧ ਸੋਨਾ ਬਰਾਮਦ ਕੀਤਾ ਗਿਆ। ਇਸ ਦੀ ਕੀਮਤ 92 ਲੱਖ ਰੁਪਏ ਹੈ। ਯਾਤਰੀ ਵੱਲੋਂ ਸੋਨਾ ਲੱਤ ਦੁਆਲੇ ਲਪੇਟਿਆ ਹੋਇਆ ਸੀ। ਸ਼ੱਕ ਹੋਣ ’ਤੇ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਸੋਨਾ ਬਰਾਮਦ ਹੋਇਆ।
ਜਾਣਕਾਰੀ ਮੁਤਾਬਕ ਬੈਟਿਕ ਏਅਰ ਦੀ ਫਲਾਈਟ ਸੋਮਵਾਰ ਰਾਤ ਨੂੰ ਏਅਰਪੋਰਟ ’ਤੇ ਲੈਂਡ ਹੋਈ। ਇਸ ਦੌਰਾਨ ਸਾਰੇ ਯਾਤਰੀ ਇਕ-ਇਕ ਕਰਕੇ ਬਾਹਰ ਆ ਗਏ। ਇਸ ਦੌਰਾਨ ਕਸਟਮ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਮਲੇਸ਼ੀਆ ਤੋਂ ਇਕ ਯਾਤਰੀ ਸੋਨਾ ਲਿਆਇਆ ਹੈ। ਜਿਸ ਤੋਂ ਬਾਅਦ ਕਸਟਮ ਵਿਭਾਗ ਵੱਲੋਂ ਸਾਰੇ ਯਾਤਰੀਆਂ ਅਤੇ ਸਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਇਕ ਯਾਤਰੀ ਕੋਲੋਂ ਇਹ ਸੋਨਾ ਬਰਾਮਦ ਹੋਇਆ। ਜਿਸ ਨੂੰ ਉਸ ਨੇ ਲੱਤ ਨਾਲ ਬੰਨਿ੍ਹਆ ਹੋਇਆ ਸੀ। ਫਿਲਹਾਲ ਵਿਭਾਗ ਨੇ ਕਸਟਮ ਐਕਟ 110 ਤਹਿਤ ਸੋਨਾ ਜ਼ਬਤ ਕਰ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੱਤ ਦਿਨਾਂ ’ਚ ਤੀਜੀ ਵਾਰ ਮਿਲਿਆ ਸੋਨਾ
ਏਅਰਪੋਰਟ ’ਤੇ ਦੁਬਈ ਤੋਂ ਸੋਨੇ ਦੀ ਤਸਕਰੀ ਲਗਾਤਾਰ ਵੱਧ ਰਹੀ ਹੈ। ਜਿਸ ਦੇ ਤਹਿਤ ਕਸਟਮ ਵਿਭਾਗ ਨੇ ਸੱਤ ਦਿਨਾਂ ਦੇ ਅੰਦਰ ਤੀਜੀ ਵਾਰ ਸੋਨਾ ਜ਼ਬਤ ਕੀਤਾ ਹੈ। 5 ਮਾਰਚ ਤੋਂ ਪਹਿਲਾਂ ਵਿਭਾਗ ਨੇ ਦੁਬਈ ਤੋਂ ਆਈ ਸਪਾਈਸ ਜੈੱਟ ਦੀ ਫਲਾਈਟ ਤੋਂ 449 ਗ੍ਰਾਮ ਸੋਨਾ ਵੀ ਜ਼ਬਤ ਕੀਤਾ ਸੀ। ਜਿਸ ਦੀ ਕੀਮਤ 29 ਲੱਖ ਰੁਪਏ ਸੀ। ਇਸੇ ਤਰ੍ਹਾਂ 9 ਮਾਰਚ ਨੂੰ ਸ਼ਾਰਜਾਹ ਤੋਂ ਆਈ ਫਲਾਈਟ ਤੋਂ 482 ਗ੍ਰਾਮ ਸ਼ੁੱਧ ਸੋਨਾ ਬਰਾਮਦ ਹੋਇਆ ਸੀ। ਜਿਸ ਦੀ ਕੀਮਤ 31 ਲੱਖ 33 ਹਜ਼ਾਰ ਰੁਪਏ ਸੀ।






