ਸ਼੍ਰੀਲੰਕਾ ਦੇ ਅਧਿਕਾਰੀਆਂ ਨੇ 21 ਭਾਰਤੀ ਨਾਗਰਿਕਾਂ ਨੂੰ ਟੂਰਿਸਟ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਗੈਰ-ਕਾਨੂੰਨੀ ਤੌਰ ‘ਤੇ ਟਾਪੂ ਦੇਸ਼ ‘ਚ ਆਨਲਾਈਨ ਮਾਰਕੀਟਿੰਗ ਸੈਂਟਰ ਚਲਾਉਣ ਲਈ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇਕ ਮੀਡੀਆ ਰਿਪੋਰਟ ‘ਚ ਦਿੱਤੀ ਗਈ। ਡੇਲੀ ਮਿਰਰ ਅਖਬਾਰ ਦੀ ਰਿਪੋਰਟ ਮੁਤਾਬਕ 24 ਤੋਂ 25 ਸਾਲ ਦੀ ਉਮਰ ਦੇ 21 ਭਾਰਤੀ ਪੁਰਸ਼ (ਜੋ ਟੂਰਿਸਟ ਵੀਜ਼ਾ ‘ਤੇ ਸ਼੍ਰੀਲੰਕਾ ਗਏ ਸਨ) ਨੂੰ ਇਮੀਗ੍ਰੇਸ਼ਨ ਅਤੇ ਮਾਈਗ੍ਰੇਸ਼ਨ ਵਿਭਾਗ ਨੇ ਮੰਗਲਵਾਰ ਨੂੰ ਹਿਰਾਸਤ ‘ਚ ਲਿਆ।
ਮੁੱਢਲੀ ਜਾਂਚ ਤੋਂ ਬਾਅਦ, ਵਿਭਾਗ ਨੇ ਨੇਗੋਂਬੋ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਛਾਪਾ ਮਾਰਿਆ, ਜਿੱਥੇ ਗ੍ਰਿਫਤਾਰ ਕੀਤੇ ਗਏ ਲੋਕ ਇੱਕ ਆਨਲਾਈਨ ਮਾਰਕੀਟਿੰਗ ਸੈਂਟਰ ਚਲਾ ਰਹੇ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘਰ ਨੂੰ ਇੱਕ ਦਫ਼ਤਰੀ ਥਾਂ ਵਿੱਚ ਬਦਲ ਦਿੱਤਾ ਗਿਆ ਸੀ ਜਿੱਥੇ ਕੰਪਿਊਟਰ ਅਤੇ ਹੋਰ ਉਪਕਰਣ ਲਗਾਏ ਗਏ ਸਨ।





