ਮੁਕਤਸਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (Gurudwara Sri Darbar Sahib) ਵਿਖੇ ਮੱਥਾ ਟੇਕਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਜੁੱਤਿਆਂ ਦੀ ਨਿਗਰਾਨੀ ਲਈ ਦੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਉਣ ਦਾ ਇਕ ਪੱਤਰ ਇੰਟਰਨੈੱਟ ਮੀਡੀਆ ‘ਤੇ ਐਤਵਾਰ ਤੋਂ ਵਾਇਰਲ ਹੋ ਰਿਹਾ ਹੈ। ਇਸ ‘ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ (Ravneet Singh Bittu) ਨੇ ਵੀ ਆਪਣੀ ਫੇਸਬੁੱਕ ਆਈਡੀ (Facebook ID) ‘ਤੇ ਪੋਸਟ ਕਰ ਕੇ ਤਨਜ਼ ਕੱਸਿਆ ਹੈ। ਇਹ ਮਾਮਲਾ ਸਿਆਸੀ ਗੱਲਾਬਾਤਾਂ ਤੇ ਆਮ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਐਤਵਾਰ ਨੂੰ ਮੁਕਤਸਰ ਫੇਰੀ ਦੌਰਾਨ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਨਹੀਂ ਗਏ ਪਰ ਇਸ ਨੂੰ ਲੈ ਕੇ ਇਕ ਚਰਚਾ ਸ਼ੁਰੂ ਹੋ ਗਈ ਹੈ। ਇੰਟਰਨੈੱਟ ਮੀਡੀਆ (Internet Media) ‘ਤੇ ਲੋਕ ਮੁੱਖ ਮੰਤਰੀ ‘ਤੇ ਵੱਖ-ਵੱਖ ਤਰ੍ਹਾਂ ਦੇ ਵਿਅੰਗ ਕੱਸ ਰਹੇ ਹਨ।
ਉੱਧਰ, ਐੱਸਐੱਸਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਐਤਵਾਰ ਨੂੰ ਸਿਰਫ ਸੀਵਰੇਜ ਤੇ ਜਲ ਸਪਲਾਈ ਪ੍ਰੋਜੈਕਟਾਂ ਦੇ ਕੰਮ ਦੀ ਸ਼ੁਰੂਆਤ ਕਰਨ ਦਾ ਹੀ ਪ੍ਰੋਗਰਾਮ ਸੀ। ਇਸ ਤੋਂ ਇਲਾਵਾ ਕਿਸੇ ਹੋਰ ਥਾਂ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਪਰ ਇੰਟਰਨੈੱਟ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਜਾਣਾ ਸੀ ਅਤੇ ਉਨ੍ਹਾਂ ਦੇ ਜੁੱਤਿਆਂ ਦੀ ਨਿਗਰਾਨੀ ਲਈ ਦੋ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਅਜਿਹਾ ਕੋਈ ਮਾਮਲਾ ਨਹੀਂ ਹੈ। ਕਿਸੇ ਮੁਲਾਜ਼ਮ ਦੇ ਜੁੱਤਿਆਂ ਦੀ ਨਿਗਰਾਨੀ ਲਈ ਡਿਊਟੀ ਨਹੀਂ ਲਗਾਈ ਗਈ ਤੇ ਨਾ ਹੀ ਮੁੱਖ ਮੰਤਰੀ ਦਾ ਗੁਰਦੁਆਰਾ ਸਾਹਿਬ ‘ਚ ਜਾਣ ਦਾ ਕੋਈ ਸ਼ਡਿਊਲ ਸ਼ਾਮਲ ਸੀ। ਇੰਟਰਨੈੱਟ ਮੀਡੀਆ ‘ਤੇ ਚੱਲ ਰਹੀ ਖਬਰ ਗਲਤ ਹੈ।






