ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਇੱਕ ਦਿਨ ਬਾਅਦ, ਬੁੱਧਵਾਰ ਨੂੰ ਸਥਿਤੀ ਮੁੜ ਸ਼ਾਂਤ ਹੋ ਗਈ ਹੈ। ਇਸ ਘਟਨਾ ਵਿੱਚ ਜੇਲ੍ਹ ਸੁਪਰਡੈਂਟ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ ਸਨ।
ਪੁਲੀਸ ਨੇ ਮੰਗਲਵਾਰ ਸ਼ਾਮ ਨੂੰ ਹੋਈ ਇਸ ਹਿੰਸਾ ਦੇ ਸਬੰਧ ਵਿੱਚ 24 ਕੈਦੀਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ, ਜਿਨ੍ਹਾਂ ਦੇ ਸਿਰ ਵਿੱਚ ਇੱਟ ਲੱਗੀ ਸੀ, ਦੀ ਹਾਲਤ ਸਥਿਰ ਹੈ ਅਤੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਪੁਲੀਸ ਕਮਿਸ਼ਨਰ ਮੁਤਾਬਕ ਹਿੰਸਾ ਉਦੋਂ ਭੜਕੀ ਜਦੋਂ ਦੋ ਕੈਦੀਆਂ ਨੂੰ ਆਪਸੀ ਲੜਾਈ ਕਾਰਨ ਸਜ਼ਾ ਸੁਣਾ ਕੇ ਬੈਰਕਾਂ ਵਿੱਚ ਵਾਪਸ ਭੇਜਿਆ ਜਾ ਰਿਹਾ ਸੀ। ਉਨ੍ਹਾਂ ਵਿੱਚੋਂ ਇੱਕ ਵੱਲੋਂ ਕੀਤੀ ਗਈ ਭੜਕਾਊ ਟਿੱਪਣੀ ਕਾਰਨ ਕੈਦੀਆਂ ਦੇ ਸਮੂਹਾਂ ਵਿੱਚ ਟਕਰਾਅ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਕੈਦੀਆਂ ਨੇ ਇੱਕ-ਦੂਜੇ ’ਤੇ ਅਤੇ ਫਿਰ ਬਚਾਅ ਕਰਨ ਆਏ ਜੇਲ੍ਹ ਪ੍ਰਸ਼ਾਸਨ ਅਤੇ ਸੁਰੱਖਿਆ ਕਰਮਚਾਰੀਆਂ ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਜੇਲ੍ਹ ਦੇ ਅੰਦਰ ਜਾਂ ਬਾਹਰ ਕਾਨੂੰਨ ਵਿਵਸਥਾ ਵਿਗਾੜਨ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਘਟਨਾ ਦਾ ਨੋਟਿਸ ਲੈਂਦਿਆਂ ਜੇਲ੍ਹ ਅਧਿਕਾਰੀਆਂ ਤੋਂ ਵਿਸਤ੍ਰਿਤ ਰਿਪੋਰਟ ਤਲਬ ਕੀਤੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2019 ਵਿੱਚ ਵੀ ਇਸੇ ਜੇਲ੍ਹ ਵਿੱਚ ਇੱਕ ਵੱਡੀ ਹਿੰਸਕ ਝੜਪ ਹੋਈ ਸੀ।







