ਗੋਆ ਦੇ ਜਿਸ ਨਾਈਟ ਕਲੱਬ ਵਿੱਚ ਦਸੰਬਰ ਦੇ ਪਹਿਲੇ ਹਫ਼ਤੇ ਲੱਗੀ ਭਿਆਨਕ ਅੱਗ ਨੇ 25 ਕੀਮਤੀ ਜਾਨਾਂ ਨਿਗਲ ਲਈਆਂ ਸਨ, ਉਸ ਬਾਰੇ ਇੱਕ ਹੈਰਾਨ ਕਰਨ ਵਾਲੀ ਜਾਂਚ ਰਿਪੋਰਟ ਸਾਹਮਣੇ ਆਈ ਹੈ।
ਬੁੱਧਵਾਰ ਨੂੰ ਜਾਰੀ ਕੀਤੀ ਗਈ ਮੈਜਿਸਟ੍ਰੇਟ ਜਾਂਚ ਰਿਪੋਰਟ ਅਨੁਸਾਰ, ਉੱਤਰੀ ਗੋਆ ਦੇ ਅਰਪੋਰਾ ਪਿੰਡ ਵਿੱਚ ਸਥਿਤ ‘Birch by Romeo Lane’ ਨਾਈਟ ਕਲੱਬ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਸੀ।ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਕਲੱਬ ਲੂਣ ਬਣਾਉਣ ਵਾਲੇ ਖੇਤਾਂ (Salt Pan) ਦੇ ਵਿਚਕਾਰ ਬਣਾਇਆ ਗਿਆ ਸੀ।
ਰਿਪੋਰਟ ਮੁਤਾਬਕ ਕਲੱਬ ਕੋਲ ਕੋਈ ਜਾਇਜ਼ ਵਪਾਰਕ ਲਾਇਸੈਂਸ (Trade Licence) ਨਹੀਂ ਸੀ। ਇਸ ਦੇ ਬਾਵਜੂਦ ਸਥਾਨਕ ਪੰਚਾਇਤ ਨੇ ਇਸ ਨੂੰ ਸੀਲ ਕਰਨ ਜਾਂ ਬੰਦ ਕਰਵਾਉਣ ਲਈ ਕੋਈ ਕਦਮ ਨਹੀਂ ਚੁੱਕਿਆ, ਜਿਸ ਕਾਰਨ ਇਹ ਕਾਲਾ ਕਾਰੋਬਾਰ ਲਗਾਤਾਰ ਚੱਲਦਾ ਰਿਹਾ।
ਪੁਲੀਸ ਰਿਪੋਰਟ ਦੇ ਹਵਾਲੇ ਨਾਲ ਜਾਂਚ ਵਿੱਚ ਦੱਸਿਆ ਗਿਆ ਕਿ 6 ਦਸੰਬਰ ਦੀ ਰਾਤ ਨੂੰ ਕਲੱਬ ਵਿੱਚ ਬਿਨਾਂ ਕਿਸੇ ਸੁਰੱਖਿਆ ਪ੍ਰਬੰਧਾਂ ਦੇ ਆਤਿਸ਼ਬਾਜ਼ੀ ਕੀਤੀ ਗਈ ਸੀ। ਕਲੱਬ ਕੋਲ ਅੱਗ ਬੁਝਾਉਣ ਦੇ ਲੋੜੀਂਦੇ ਉਪਕਰਨ ਵੀ ਨਹੀਂ ਸਨ। ਇਸ ਲਾਪਰਵਾਹੀ ਕਾਰਨ ਲੱਗੀ ਅੱਗ ਨੇ ਕਈ ਸੈਲਾਨੀਆਂ ਅਤੇ ਕਲੱਬ ਦੇ ਕਰਮਚਾਰੀਆਂ ਸਮੇਤ 25 ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਰਿਪੋਰਟ ਵਿੱਚ ਸਾਫ਼ ਕਿਹਾ ਗਿਆ ਹੈ ਕਿ ਜੇਕਰ ਨਿਯਮਾਂ ਦੀ ਪਾਲਣਾ ਕੀਤੀ ਗਈ ਹੁੰਦੀ ਅਤੇ ਸੁਰੱਖਿਆ ਪ੍ਰਬੰਧ ਮੁਕੰਮਲ ਹੁੰਦੇ, ਤਾਂ ਇਸ ਵੱਡੇ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ। ਹੁਣ ਇਸ ਮਾਮਲੇ ਵਿੱਚ ਦੋਸ਼ੀ ਅਧਿਕਾਰੀਆਂ ਅਤੇ ਮਾਲਕਾਂ ’ਤੇ ਸਖ਼ਤ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।







