ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ, ਜਦੋਂ ਕਿ ਵਾਦੀ ਵਿੱਚ ਬੱਦਲਵਾਈ ਕਾਰਨ ਰਾਤ ਦੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ।ਅਧਿਕਾਰੀਆਂ ਮੁਤਾਬਕ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਗੁਲਮਰਗ ਵਿੱਚ ਮੌਜੂਦ ਸੈਂਕੜੇ ਸੈਲਾਨੀ ਉਦੋਂ ਖੁਸ਼ ਹੋ ਗਏ, ਜਦੋਂ ਤੜਕਸਾਰ ਬਰਫ਼ਬਾਰੀ ਸ਼ੁਰੂ ਹੋ ਗਈ।
ਵਾਦੀ ਦੇ ਬਾਕੀ ਹਿੱਸਿਆਂ ਵਿੱਚ ਬੱਦਲਵਾਈ ਬਣੀ ਰਹੀ। ਮੌਸਮ ਵਿਭਾਗ ਨੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਬੱਦਲਵਾਈ ਵਾਲੇ ਅਸਮਾਨ ਕਾਰਨ ਰਾਤ ਦਾ ਤਾਪਮਾਨ ਵਧ ਗਿਆ। ਸ੍ਰੀਨਗਰ ਵਿੱਚ ਰਾਤ ਨੂੰ ਘੱਟੋ-ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.1 ਡਿਗਰੀ ਵੱਧ ਹੈ।
ਅਧਿਕਾਰੀਆਂ ਅਨੁਸਾਰ ਮਸ਼ਹੂਰ ਸਕੀ ਰਿਜ਼ੋਰਟ ਗੁਲਮਰਗ ਮਨਫੀ 3.4 ਡਿਗਰੀ ਸੈਲਸੀਅਸ ਦੇ ਘੱਟੋ-ਘੱਟ ਤਾਪਮਾਨ ਨਾਲ ਕਸ਼ਮੀਰ ਵਿੱਚ ਸਭ ਤੋਂ ਠੰਢਾ ਰਿਹਾ। ਦੱਖਣੀ ਕਸ਼ਮੀਰ ਦੇ ਸੈਰ-ਸਪਾਟਾ ਸਥਾਨ ਪਹਿਲਗਾਮ, ਜੋ ਅਮਰਨਾਥ ਯਾਤਰਾ ਲਈ ਬੇਸ ਕੈਂਪ ਵਜੋਂ ਕੰਮ ਕਰਦਾ ਹੈ, ਵਿੱਚ ਪਾਰਾ ਮਨਫੀ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹੋਰਨਾਂ ਥਾਵਾਂ ਵਿੱਚ ਕਾਜ਼ੀਗੁੰਡ ਦਾ ਘੱਟੋ-ਘੱਟ ਤਾਪਮਾਨ 2.6 ਡਿਗਰੀ, ਕੋਕਰਨਾਗ ਵਿੱਚ ਮਨਫੀ 1.3 ਡਿਗਰੀ ਅਤੇ ਕੁਪਵਾੜਾ ਵਿੱਚ ਜ਼ੀਰੋ ਡਿਗਰੀ ਸੈਲਸੀਅਸ ਰਿਹਾ।







