ਮੁੰਬਈ ਦੇ ਕੋਸਟਲ ਰੋਡ ’ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਲਈ ਹੁਣ ਸਫ਼ਰ ਹੋਰ ਵੀ ਸੁਖਦ ਅਤੇ ਸੰਗੀਤਮਈ ਹੋਣ ਜਾ ਰਿਹਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੁੱਧਵਾਰ ਨੂੰ ਭਾਰਤ ਦੀ ਪਹਿਲੀ ‘ਮਿਊਜ਼ੀਕਲ ਰੋਡ’ ਦਾ ਉਦਘਾਟਨ ਕੀਤਾ। ਇਹ ਅਨੋਖੀ ਸੜਕ ਮੁੰਬਈ ਕੋਸਟਲ ਰੋਡ ਦੇ ਨਰੀਮਨ ਪੁਆਇੰਟ ਤੋਂ ਵਰਲੀ ਵੱਲ ਜਾਣ ਵਾਲੇ ਰਸਤੇ ’ਤੇ ਬਣਾਈ ਗਈ ਹੈ। ਜਦੋਂ ਕੋਈ ਵਾਹਨ ਇਸ ਸੜਕ ’ਤੇ ਬਣੇ ਖ਼ਾਸ ਨਿਸ਼ਾਨਾਂ (ਗਰੂਵਜ਼) ਉੱਪਰੋਂ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੁਜ਼ਰਦਾ ਹੈ, ਤਾਂ ਟਾਇਰਾਂ ਦੀ ਰਗੜ ਨਾਲ ਸਲੱਮਡੌਗ ਮਿਲੀਨੇਅਰ (Slumdog Millionaire) ਫ਼ਿਲਮ ਦੇ ਮਸ਼ਹੂਰ ਗੀਤ ‘ਜੈ ਹੋ’ ਦੀ ਧੁਨ ਸੁਣਾਈ ਦਿੰਦੀ ਹੈ।
ਬ੍ਰਿਹਨਮੁੰਬਈ ਨਗਰ ਨਿਗਮ (BMC) ਮੁਤਾਬਕ ਇਹ ਦੁਨੀਆ ਦੀ ਪੰਜਵੀਂ ਅਜਿਹੀ ਸੜਕ ਹੈ। ਇਸ ਤਕਨੀਕ ਵਿੱਚ ਸੜਕ ਦੀ ਸਤ੍ਵਾ ’ਤੇ ਖ਼ਾਸ ਦੂਰੀ ਅਤੇ ਆਕਾਰ ਦੇ ਰੰਬਲ ਸਟ੍ਰਿਪਸ ਲਗਾਏ ਗਏ ਹਨ, ਜੋ ਗੱਡੀ ਦੇ ਲੰਘਣ ’ਤੇ ਵਾਈਬ੍ਰੇਸ਼ਨ ਪੈਦਾ ਕਰਦੇ ਹਨ ਅਤੇ ਇੱਕ ਸੰਗੀਤਕ ਨੋਟ ਤਿਆਰ ਕਰਦੇ ਹਨ।
ਵਰਲੀ ਵੱਲ ਜਾਣ ਵਾਲੀ ਸੁਰੰਗ ਤੋਂ ਬਾਹਰ ਨਿਕਲਣ ਤੋਂ 500 ਮੀਟਰ ਪਹਿਲਾਂ ਹੀ ਸੜਕ ਦੇ ਕਿਨਾਰੇ ਸੰਕੇਤ ਬੋਰਡ ਲਗਾਏ ਗਏ ਹਨ, ਜੋ ਚਾਲਕਾਂ ਨੂੰ ਮਿਊਜ਼ੀਕਲ ਰੋਡ ਅਤੇ ਲੋੜੀਂਦੀ ਰਫ਼ਤਾਰ ਬਾਰੇ ਸੁਚੇਤ ਕਰਦੇ ਹਨ। ਜਿੱਥੇ ਇਹ ਪ੍ਰੋਜੈਕਟ ਇੰਜੀਨੀਅਰਿੰਗ ਦਾ ਕਮਾਲ ਹੈ, ਉੱਥੇ ਹੀ ਇਹ ਮੁੰਬਈ ਦੀ ਸੱਭਿਆਚਾਰਕ ਪਛਾਣ ਨੂੰ ਵੀ ਨਵੀਂ ਉਚਾਈ ਦੇ ਰਿਹਾ ਹੈ।







