LPG Crisis: ਪੰਜਾਬ ਵਿੱਚ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਖਪਤਕਾਰਾਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਫੈਡਰੇਸ਼ਨ ਆਫ਼ ਐਲ.ਪੀ.ਜੀ. ਡਿਸਟਰੀਬਿਊਟਰਜ਼ ਆਫ਼ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਗੈਸ ਦੀ ਸਪਲਾਈ ਵਿੱਚ ਕਰੀਬ 20 ਫ਼ੀਸਦੀ ਦੀ ਕਟੌਤੀ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਜਿੱਥੇ ਹਰ ਮਹੀਨੇ 27 ਲੱਖ ਸਿਲੰਡਰਾਂ ਦੀ ਖਪਤ ਹੁੰਦੀ ਸੀ, ਉੱਥੇ ਹੁਣ ਇਹ ਸਪਲਾਈ ਘਟ ਕੇ ਮਹਿਜ਼ 21 ਲੱਖ ਰਹਿ ਗਈ ਹੈ।
ਇਸ ਸੰਕਟ ਕਾਰਨ ਲੁਧਿਆਣਾ ਵਰਗੇ ਵੱਡੇ ਉਦਯੋਗਿਕ ਸ਼ਹਿਰਾਂ ਵਿੱਚ ਹੋਟਲਾਂ ਅਤੇ ਰੈਸਟੋਰੈਂਟਾਂ ਦਾ ਕੰਮਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸੂਬੇ ਦੀਆਂ 980 ਗੈਸ ਏਜੰਸੀਆਂ ਕੋਲ ਰੋਜ਼ਾਨਾ ਹਜ਼ਾਰਾਂ ਬੁਕਿੰਗਾਂ ਬਕਾਇਆ ਪਈਆਂ ਹਨ, ਜਿਸ ਕਾਰਨ ਡੀਲਰਾਂ ਨੂੰ ਲੋਕਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫੈਡਰੇਸ਼ਨ ਨੇ ਕੇਂਦਰ ਸਰਕਾਰ ਦੇ 74 ਦਿਨਾਂ ਦੇ ਸਟਾਕ ਮੌਜੂਦ ਹੋਣ ਦੇ ਦਾਅਵੇ ਨੂੰ ਸਿਰੇ ਤੋਂ ਨਕਾਰਦਿਆਂ ਸਵਾਲ ਕੀਤਾ ਹੈ ਕਿ ਜੇਕਰ ਭੰਡਾਰ ਭਰੇ ਹੋਏ ਹਨ ਤਾਂ ਫਿਰ ਇਹ ਸੰਕਟ ਕਿਉਂ ਪੈਦਾ ਹੋਇਆ? ਮਾਨ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਕਈ ਪਲਾਂਟ ਆਪਣੀ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਰਹੇ ਜਾਂ ਜਾਣਬੁੱਝ ਕੇ ਬੰਦ ਰੱਖੇ ਗਏ ਹਨ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਕੁਝ ਨਿੱਜੀ ਘਰਾਨਿਆਂ ਨੂੰ ਫਾਇਦਾ ਪਹੁੰਚਾਉਣ ਅਤੇ ਦੇਸ਼ ਵਿੱਚ ਪੀ.ਐਨ.ਜੀ. (ਪਾਈਪਡ ਨੈਚੁਰਲ ਗੈਸ) ਸਪਲਾਈ ਨੂੰ ਉਤਸ਼ਾਹਿਤ ਕਰਨ ਲਈ ਇਹ ਬਣਾਉਟੀ ਸੰਕਟ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਥਿਤੀ ਸਪੱਸ਼ਟ ਨਾ ਕੀਤੀ ਅਤੇ ਸਪਲਾਈ ਬਹਾਲ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।






