China News : ਚੀਨ ਦੇ ਮਕਾਊ ਵਿੱਚ ਇੱਕ 70 ਸਾਲਾਂ ਔਰਤ ਨੂੰ ਕਥਿਤ ਤੌਰ ‘ਤੇ ਡਰਾਉਣ ਤੋਂ ਬਾਅਦ ਇੱਕ ਰੋਬੋਟ ਨੂੰ ‘ਗ੍ਰਿਫ਼ਤਾਰ’ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਬਤ ਸੋਸ਼ਲ ਮੀਡੀਆ ‘ਤੇ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ (SCMP) ਦੇ ਅਨੁਸਾਰ, ਉਹ ਔਰਤ ਪਿਛਲੇ ਵੀਰਵਾਰ ਨੂੰ ਪਾਟਨੇ ਵਿੱਚ ਲੋਕ ਯੇਂਗ ਫਾ ਯੂਏਨ ਰਿਹਾਇਸ਼ੀ ਕੰਪਲੈਕਸ (Lok Yeung Fa Yuen residential complex) ਦੇ ਨੇੜੇ ਪੈਦਲ ਜਾ ਰਹੀ ਸੀ ਜਦੋਂ ਯੂਨੀਟ੍ਰੀ ਜੀ1 (Unitree G1) ਮਾਡਲ ਦਾ ਰੋਬੋਟ ਅਚਾਨਕ ਉਸ ਦੇ ਪਿੱਛੇ ਰੁਕ ਗਿਆ।
ਰੋਬੇਟ ਨੂੰ ਦੇਖ ਕੇ ਮਹਿਲਾ ਘਬਰਾ ਗਈ ਅਤੇ ਉਸ ‘ਤੇ ਚੀਕਣ ਲੱਗੀ। ਉਸਨੇ ਕੈਂਟੋਨੀਜ਼ ਭਾਸ਼ਾ ਵਿੱਚ ਕਿਹਾ, “ਤੁਸੀਂ ਮੇਰੀ ਦਿਲ ਦੀ ਧੜਕਣ ਵਧਾ ਰਹੇ ਹੋ। ਤੁਸੀਂ ਬਹੁਤ ਕੁਝ ਕਰ ਸਕਦੇ ਹੋ, ਪਰ ਤੁਸੀਂ ਇਹ ਹੰਗਾਮਾ ਖੜ੍ਹਾ ਕਰਨਾ ਚਾਹੁੰਦੇ ਹੋ? ਤੁਸੀਂ ਪਾਗਲ ਹੋ।”
ਭਾਵੇਂ ਔਰਤ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਹੋਇਆ ਸੀ, ਫਿਰ ਵੀ ਉਸ ਨੂੰ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ।
ਅਖੀਰ ਵਿੱਚ ਦੋ ਅਧਿਕਾਰੀਆਂ ਨੇ ਦਖਲ ਦਿੱਤਾ ਅਤੇ ਰੋਬੋਟ ਨੂੰ ਉੱਥੋਂ ਲੈ ਗਏ। ਉਨ੍ਹਾਂ ਨੇ ਰੋਬੋਟ ਦੇ ਆਪਰੇਟਰ ਇੱਕ 50 ਸਾਲਾਂ ਵਿਅਕਤੀ ਨੂੰ ਚੇਤਾਵਨੀ ਵੀ ਦਿੱਤੀ ਅਤੇ ਉਸ ਨੂੰ ਜਨਤਕ ਥਾਵਾਂ ‘ਤੇ ਰੋਬੋਟ ਦੀ ਵਰਤੋਂ ਕਰਦੇ ਸਮੇਂ ਵਧੇਰੇ ਸਾਵਧਾਨ ਰਹਿਣ ਲਈ ਕਿਹਾ।
ਯੂਨੀਟ੍ਰੀ ਜੀ1 (Unitree G1)ਇੱਕ ਵਪਾਰਕ ਰੋਬੋਟ ਹੈ ਜਿਸ ਦਾ ਕੱਦ ਲਗਭਗ 4 ਫੁੱਟ ਹੈ ਅਤੇ ਇਸ ਨੂੰ ਪ੍ਰਚਾਰ ਅਤੇ ਵਿਦਿਅਕ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਹੈ।






